ਵਿਧਾਇਕ ਤੇ ਐੱਮ. ਪੀਜ਼. ਦੀਆਂ ਇਕ ਤੋਂ ਵੱਧ ਪੈਨਸ਼ਨਾਂ ਕੀਤੀਆਂ ਜਾਣ ਬੰਦ : ਭਗਵੰਤ ਮਾਨ
Sunday, Apr 26, 2020 - 12:05 AM (IST)
ਪਟਿਆਲਾ/ਰੱਖੜਾ,(ਜ.ਬ.)- ਕੋਰੋਨਾ ਵਾਇਰਸ ਅਤੇ 'ਲਾਕਡਾਊਨ' ਕਾਰਣ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਵਿਚ ਕਟੌਤੀ ਕਰਨ ਸਬੰਧੀ ਚੁੱਕੇ ਕਦਮਾਂ ਦੀ ਨਿੰਦਾ ਕਰਦਿਆਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਮੁਲਾਜ਼ਮਾਂ ਦੇ ਭੱਤਿਆਂ 'ਚ ਕਟੌਤੀ ਕਰਨ ਦੀ ਥਾਂ ਦੇਸ਼ ਦੇ ਖਜ਼ਾਨੇ ਨੂੰ ਸਿਊਂਕ ਵਾਂਗ ਖਾ ਰਹੇ ਵਿਧਾਇਕਾਂ ਅਤੇ ਐੱਮ. ਪੀਜ. ਦੀ ਇਕ ਤੋਂ ਵੱਧ ਪੈਨਸ਼ਨ ਨੂੰ ਬੰਦ ਕੀਤਾ ਜਾਵੇ ਤਾਂ ਜੋ ਦੇਸ਼ 'ਤੇ ਪੈ ਰਹੇ ਆਰਥਿਕ ਭਾਰ ਨੂੰ ਘੱਟ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਿਆਸੀ ਲੀਡਰਾਂ ਨੂੰ ਸਮੇਂ ਦੀ ਮਜ਼ਬੂਰੀ ਦੇਖ ਆਪਣੀ ਪੈਨਸ਼ਨ ਆਪ ਬੰਦ ਕਰਵਾਉਣੀ ਚਾਹੀਦੀ ਹੈ ਕਿਉਂਕਿ ਦੇਸ਼ ਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਪਾਸਿਓਂ ਬਚਾਓ ਕਰਨ ਨਾਲ ਹੀ ਦੇਸ਼ ਦਾ ਖਜ਼ਾਨਾ ਮਜ਼ਬੂਤ ਹੋਵੇਗਾ। ਉਥੇ ਹੀ ਮਾਨ ਨੇ ਕਾਂਗਰਸ ਪਾਰਟੀ ਦੇ ਐੱਮ. ਪੀ. ਰਾਹੁਲ ਗਾਂਧੀ 'ਤੇ ਵੀ ਟਿੱੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਰਹੀਆਂ ਪੈਨਸ਼ਨਾਂ ਵਿਚ ਖੁਦ ਕਟੌਤੀ ਕਰਵਾਉਣ ਲਈ ਅੱਗੇ ਕਿਉਂ ਨਹੀਂ ਆਉਂਦੇ। ਜਿਹੜੇ ਪ੍ਰਾਜੈਕਟ ਦੇਸ਼ ਦੇ ਹਿੱਤ ਲਈ ਹਨ, ਨੂੰ ਬੰਦ ਕਰਨ ਦੀ ਥਾਂ ਰਾਹੁਲ ਗਾਂਧੀ ਦੇ ਆਪਣੇ ਪਰਿਵਾਰ ਨੂੰ ਸਰਕਾਰ ਤੋਂ ਮਿਲਣ ਵਾਲੀਆਂ ਪੈਨਸ਼ਨਾਂ ਬੰਦ ਕਰਨ ਦਾ ਐਲਾਨ ਕਰਨ ਤਾਂ ਜੋ ਹੋਰਨਾ ਮੌਜੂਦਾ ਅਤੇ ਸਾਬਕਾ ਵਿਧਾਇਕਾਂ, ਐਮ. ਪੀਜ਼, ਰਾਜ ਸਭਾ ਮੈਂਬਰਾਂ ਦੀਆਂ ਵਾਰ-ਵਾਰ ਮਿਲਣ ਵਾਲੀਆਂ ਪੈਨਸ਼ਨਾਂ ਤੁਰੰਤ ਬੰਦ ਕੀਤੀਆਂ ਜਾਣ। ਇਸੇ ਤਰ੍ਹਾਂ ਸੂਬੇ ਅੰਦਰ ਵੀ ਸੈਂਕੜੇ ਵਿਧਾਇਕ ਵਾਰ-ਵਾਰ ਪੈਨਸ਼ਨਾਂ ਲੈ ਕੇ ਆਰਥਿਕ ਭਾਰ ਵਧਾ ਰਹੇ ਹਨ।