ਵਿਧਾਇਕ ਕੋਟਲੀ ਨੂੰ ਪੰਜਾਬ ਸਕੱਤਰੇਤ ''ਚ ਦਾਖਲ ਹੋਣ ਤੋਂ ਰੋਕਿਆ
Saturday, Jul 13, 2024 - 03:16 PM (IST)
ਚੰਡੀਗੜ੍ਹ : ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਅੱਜ ਦੁਪਹਿਰ ਸਮੇਂ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਵਿਚ ਕਥਿਤ ਤੌਰ ’ਤੇ ਦਾਖਲ ਹੋਣ ਤੋਂ ਰੋਕਿਆ ਗਿਆ। ਇਸ ਮੌਕੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਸੁਰੱਖਿਆ ਕਰਮੀਆਂ ਤੋਂ ਗੇਟ ਬੰਦ ਕਰਨ ਦਾ ਵਾਰ-ਵਾਰ ਕਾਰਨ ਪੁੱਛਿਆ ਪਰ ਸੁਰੱਖਿਆ ਕਰਮੀ ਕੁਝ ਨਾ ਦੱਸ ਸਕੇ। ਸੁਰੱਖਿਆ ਕਰਮੀਆਂ ਦਾ ਕਹਿਣਾ ਸੀ ਕਿ ਉੱਚ ਅਧਿਕਾਰੀਆਂ ਨੇ ਹੁਕਮ ਦਿੱਤੇ ਹਨ। ਹਾਲਾਂਕਿ ਸੁਰੱਖਿਆ ਕਰਮੀਆਂ ਵੱਲੋਂ ਕੋਟਲੀ ਨੂੰ ਰੋਕਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਦੂਜੇ ਪਾਸੇ ਕੋਟਲੀ ਨੇ ਇਕ ਵਿਧਾਇਕ ਨੂੰ ਸਕੱਤਰੇਤ ਵਿਚ ਦਾਖਲ ਹੋਣ ਤੋਂ ਰੋਕਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਸਕੱਤਰੇਤ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਉਹ ਇਹ ਮਾਮਲਾ ਵਿਧਾਨ ਸਭਾ ਵਿਚ ਵੀ ਚੁੱਕਣਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਚੁਣ ਕੇ ਭੇਜੇ ਗਏ ਹਨ। ਉਹ ਚੁੱਪ ਬੈਠਣ ਵਾਲੇ ਨਹੀਂ ਹਨ। ਕੋਟਲੀ ਨੇ ਕਿਹਾ ਕਿ ਉਹ ਅੱਜ ਦੀ ਘਟਨਾ ਨੂੰ ਜ਼ੋਰ-ਸ਼ੋਰ ਨਾਲ ਚੁੱਕਣਗੇ। ਇਸ ਬਾਰੇ ‘ਆਪ’ ਦੇ ਆਗੂਆਂ ਨੇ ਕੁਝ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।