ਭਾਜਪਾ ਆਗੂ ਗਰੇਵਾਲ ਨੇ ਅੰਜਲੀ ਸਿੰਘ ਦੀ ਹਮਾਇਤ ਕਰਨ ਤੋਂ ਪਾਸਾ ਵੱਟਿਆ
Sunday, Dec 03, 2017 - 11:24 AM (IST)
ਰਾਜਪੁਰਾ (ਇਕਬਾਲ)-ਪਟੇਲ ਪਬਲਿਕ ਸਕੂਲ ਰਾਜਪੁਰਾ ਦੀ ਪ੍ਰਿੰਸੀਪਲ ਅੰਜਲੀ ਸਿੰਘ ਵੱਲੋਂ ਬੀਤੇ ਦਿਨੀਂ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਪਟੇਲ ਕਾਲਜ ਮੈਨੇਜਮੈਂਟ ਦੇ ਜਨਰਲ ਸਕੱਤਰ ਮਹਿੰਦਰ ਸਹਿਗਲ 'ਤੇ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਉਸ ਦੇ ਹੱਕ 'ਚ ਆਏ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਆਪਣਾ ਸਮਰਥਨ ਵਾਪਸ ਲੈਂਦਿਆਂ ਕਦਮ ਪਿੱਛੇ ਹਟਾ ਲਏ ਤੇ ਸਕੂਲ ਪਿੰ੍ਰਸੀਪਲ ਮਾਮਲੇ ਨੂੰ ਕੋਰਟ ਵੱਲੋਂ ਦਿੱਤੇ ਜਾਣ ਵਾਲੇ ਫੈਸਲੇ 'ਤੇ ਛੱਡ ਦਿੱਤਾ। ਭਾਜਪਾ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਟੇਲ ਸਕੂਲ ਦੀ ਪ੍ਰਿੰਸੀਪਲ ਅੰਜਲੀ ਸਿੰਘ ਵੱਲੋਂ ਪਹਿਲਾਂ ਚੰਡੀਗੜ੍ਹ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਹਲਕਾ ਵਿਧਾਇਕ ਕੰਬੋਜ ਅਤੇ ਕਾਲਜ ਮੈਨੇਜਮੈਂਟ ਦੇ ਜਨਰਲ ਸਕੱਤਰ ਸਹਿਗਲ 'ਤੇ ਗੰਭੀਰ ਦੋਸ਼ ਲਗਾਏ ਸਨ ਤੇ ਮਾਮਲੇ ਸਬੰਧੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਵੀ ਦਿੱਤੀ ਸੀ। ਉਨ੍ਹਾਂ ਭਾਜਪਾ ਹਲਕਾ ਇੰਚਾਰਜ ਹੋਣ ਦੇ ਨਾਤੇ ਮਾਮਲੇ ਸਬੰਧੀ ਨੈਤਿਕਤਾ ਦੇ ਆਧਾਰ 'ਤੇ ਧਰਨਾ ਲਗਾ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਡਮ ਅੰਜਲੀ ਸਿੰਘ ਦੀ ਹਾਜ਼ਰੀ 'ਚ ਰਾਜਪੁਰਾ 'ਚ ਪ੍ਰੈੱਸ ਕਾਨਫਰੰਸ ਸੱਦ ਕੇ ਮਾਮਲਾ ਹੱਲ ਕਰਵਾਉਣ ਦੀ ਗੱਲ ਕਹੀ ਸੀ।
ਉਨ੍ਹਾਂ ਮੰਨਿਆ ਕਿ ਪ੍ਰਿੰਸੀਪਲ ਅੰਜਲੀ ਸਿੰਘ ਦੀ ਹਮਾਇਤ ਕਰਨ ਦਾ ਫੈਸਲਾ ਜਲਦਬਾਜ਼ੀ 'ਚ ਲਿਆ ਗਿਆ ਸੀ ਤੇ ਇਸ ਸਬੰਧੀ ਉਨ੍ਹਾਂ ਪਾਰਟੀ ਹਾਈਕਮਾਨ ਅਤੇ ਪਾਰਟੀ ਅਹੁਦੇਦਾਰਾਂ ਨਾਲ ਸਲਾਹ ਨਹੀਂ ਕੀਤੀ ਸੀ। ਗਰੇਵਾਲ ਨੇ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਪ੍ਰਾਪਤ ਹੋਏ ਹੁਕਮਾਂ ਤਹਿਤ ਉਹ ਆਪਣਾ ਪ੍ਰਿੰਸੀਪਲ ਮਾਮਲੇ 'ਚ ਦਿੱਤੇ ਸਮਰਥਨ ਨੂੰ ਵਾਪਸ ਲੈਂਦੇ ਹਨ ਤੇ ਜੇਕਰ ਮੈਡਮ ਇਹ ਮਾਮਲਾ ਕੋਰਟ 'ਚ ਲੈ ਕੇ ਜਾਂਦੀ ਹੈ ਤਾਂ ਕੋਰਟ ਆਪਣਾ ਕੰਮ ਕਰੇਗੀ ਤੇ ਸਚਾਈ ਸਾਹਮਣੇ ਆਵੇਗੀ।
ਗਰੇਵਾਲ ਨੇ ਕਿਹਾ ਕਿ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਉਨ੍ਹਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਜਦ ਕਿ ਵਿਧਾਇਕ ਵੱਲੋਂ ਕਰਵਾਏ ਜਾਣ ਵਾਲੇ ਨਾਜਾਇਜ਼ ਕੰਮਾਂ ਦਾ ਵਿਰੋਧ ਜਾਰੀ ਰਹੇਗਾ ਤੇ ਅੱਗੇ ਤੋਂ ਕੋਈ ਵੀ ਫੈਸਲਾ ਜਲਦਬਾਜ਼ੀ 'ਚ ਨਾ ਲੈਂਦਿਆਂ ਆਪਣੇ ਪਾਰਟੀ ਅਹੁਦੇਦਾਰਾਂ ਦੀ ਸਲਾਹ ਨਾਲ ਵਿਉਂਤਬੰਦੀ ਬਣਾਉਣਗੇ। ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਨਰਿੰਦਰ ਨਾਗਪਾਲ, ਭਾਜਪਾ ਆਗੂ ਨਰੇਸ਼ ਧੀਮਾਨ, ਰਿੰਕੂ ਮਹਿਤਾ ਸਮੇਤ ਹੋਰ ਹਾਜ਼ਰ ਸਨ।
