ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਕਾਂਗਰਸ ਦੀ ਬੇਵਫਾਈ ਦਾ ਸਬੂਤ : ਵਿਧਾਇਕ ਚੰਦੂਮਾਜਰਾ

09/24/2017 10:13:07 AM

ਪਟਿਆਲਾ (ਬਲਜਿੰਦਰ)-ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਨੋਟੀਫਿਕੇਸ਼ਨ ਨੂੰ ਕਾਂਗਰਸ ਦੀ ਬੇਵਫਾਈ ਦਾ ਆਨ ਰਿਕਾਰਡ ਸਬੂਤ ਕਰਾਰ ਦਿੱਤਾ ਹੈ। ਉਹ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।  ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਕਨਫਿਊਜ਼ ਕਰਨ ਵਾਲੀ ਹੈ ਜਿਸ ਵਿਚ ਇਹ ਪਤਾ ਨਹੀਂ ਲੱਗ ਰਿਹਾ ਕਿ ਕਿਸ ਦਾ ਕਰਜ਼ਾ ਮੁਆਫ ਕਰਨਾ ਹੈ ਅਤੇ ਕਿਸ ਦਾ ਨਹੀਂ ਕਰਨਾ ਕੁਝ ਪਤਾ ਨਹੀਂ ਲੱਗ ਰਿਹਾ। ਹਾਲਾਂਕਿ ਨੋਟੀਫਿਕੇਸ਼ਨ ਦੀ ਕਾਪੀ ਅਜੇ ਨਹੀਂ ਮਿਲੀ ਪਰ ਜਿੰਨੀ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਹਰੇਕ ਕਿਸਾਨ ਦਾ ਇਸ ਨੋਟੀਫਿਕੇਸ਼ਨ ਨਾਲ 65 ਤੋਂ 66 ਹਜ਼ਾਰ ਰੁਪਏ ਕਰਜ਼ਾ ਹੀ ਮੁਆਫ ਹੋ ਸਕੇਗਾ ਜਦਕਿ ਪਿਛਲੇ 6 ਮਹੀਨਿਆਂ ਵਿਚ ਸਰਕਾਰ ਦੇ ਲਾਅਰਿਆਂ ਕਾਰਨ ਕਿਸ਼ਤਾਂ ਨਾ ਭਰਨ ਦੇ ਕਾਰਨ ਇਸ ਤੋਂ ਜ਼ਿਆਦਾ ਵਿਆਜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਸਲੇ ਨੂੰ ਸੰਜੀਦਗੀ ਨਾਲ ਨਾ ਲੈ ਕੇ ਸਿਰਫ ਚੋਣ ਸਟੰਟ ਬਣਾ ਲਿਆ ਹੈ।  
ਸ. ਚੰਦੂਮਾਜਰਾ ਨੇ ਕਿਹਾ ਕਿ ਸੱਤਾ ਵਿਚ ਆਉੁਂਦੇ ਹੀ ਕਾਂਗਰਸ ਸਰਕਾਰ ਨੇ ਸਹਿਕਾਰੀ ਵਿਭਾਗ ਦੀ ਧਾਰਾ 67ਏ ਖਤਮ ਕਰਨ ਦਾ ਐਲਾਨ ਕਰ ਕੇ ਕੁਰਕੀ ਨਾ ਹੋਣ ਦੀ ਗੱਲ ਆਖੀ ਸੀ, ਜਦਕਿ ਸੱਚਾਈ ਇਸ ਗੱਲ ਦੀ ਹੈ ਕਿ 67ਏ 1986-87 ਵਿਚ ਜਦੋਂ ਉੁਨ੍ਹਾਂ ਦੇ ਪਿਤਾ ਪ੍ਰੋ. ਚੰਦੂਮਾਜਰਾ ਸਹਿਕਾਰਤਾ ਮੰਤਰੀ ਸਨ, ਨੇ ਇਕ ਹੁਕਮ 'ਤੇ ਖਤਮ ਕਰ ਦਿੱਤੀ ਸੀ ਅਤੇ ਪਿਛਲੇ 32 ਸਾਲਾਂ ਵਿਚ ਕਦੇ ਵੀ ਮੁੜ ਇਸ ਧਾਰਾ ਦਾ ਇਸਤੇਮਾਲ ਨਹੀਂ ਹੋਇਆ ਤਾਂ ਸਮਝ ਵਿਚ ਨਹੀਂ ਆ ਰਹੀ ਕਿ ਜਿਹੜੀ ਧਾਰਾ ਆਪ੍ਰੇਸ਼ਨ ਵਿਚ ਹੀ ਨਹੀਂ ਹੈ, ਉਸ ਨੂੰ ਖਤਮ ਕਰਨ ਲੱਗੇ ਕੈਬਨਿਟ ਨੂੰ 4 ਮਹੀਨੇ ਲੱਗ ਗਏ। ਉੁਨ੍ਹਾਂ ਕਿਹਾ ਕਿ ਕੁਰਕੀ ਦੇ ਖਾਤਮੇ ਵਿਚ ਪੰਜਾਬ ਕੈਬਨਿਟ ਵੱਲੋਂ ਪਹਿਲੀ ਵਾਰ ਇੰਨਾ ਵੱਡਾ ਝੂਠ ਬੋਲਿਆ ਗਿਆ ਹੈ। ਉੁਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਹੁਣ ਵੀ ਸਮਝਣ ਦਾ ਮੌਕਾ ਹੈ ਨਹੀਂ ਤਾਂ ਇਤਿਹਾਸ ਕਾਂਗਰਸ ਨੂੰ ਕਦੇ ਮੁਆਫ ਨਹੀਂ ਕਰੇਗਾ। 


Related News