ਖਹਿਰਾ ਦੀ ਰੈਲੀ ਤੋਂ ਪਹਿਲਾਂ ਵਿਧਾਇਕ ਬਲਦੇਵ ਦੀ ਨੋਕ-ਝੋਕ ਵਾਲੀ ਵੀਡੀਓ ਵਾਇਰਲ

Wednesday, Apr 03, 2019 - 12:45 PM (IST)

ਖਹਿਰਾ ਦੀ ਰੈਲੀ ਤੋਂ ਪਹਿਲਾਂ ਵਿਧਾਇਕ ਬਲਦੇਵ ਦੀ ਨੋਕ-ਝੋਕ ਵਾਲੀ ਵੀਡੀਓ ਵਾਇਰਲ

ਜੈਤੋ - ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨਾਲ ਪਿੰਡ ਰਾਮੇਆਣਾ 'ਚ ਨਗਰ ਦੇ ਬਾਸ਼ਿੰਦਿਆਂ ਨਾਲ ਬੈਠੇ ਰਾਜਾ ਨਾਂ ਦੇ ਇਕ ਵਿਅਕਤੀ ਵਲੋਂ ਕੀਤੀ ਗਈ ਨੋਕ-ਝੋਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਹੋ ਰਹੀ ਵਾਰਤਾਲਾਪ 'ਚ ਰਾਜਾ, ਵਿਧਾਇਕ ਵਲੋਂ ਪਾਰਟੀ ਬਦਲੇ ਜਾਣ 'ਤੇ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਹੈ। ਸੁਖਪਾਲ ਖਹਿਰਾ ਵਲੋਂ ਮਾਸਟਰ ਬਲਦੇਵ ਸਿੰਘ ਦੇ ਹੱਕ 'ਚ ਪਿੰਡ ਰਾਮੇਆਣਾ 'ਚ 4 ਅਪ੍ਰੈਲ ਨੂੰ ਕੀਤੀ ਜਾ ਰਹੀ ਰੈਲੀ ਤੋਂ ਪਹਿਲਾਂ ਵਾਇਰਲ ਹੋਈ ਇਸ ਵੀਡੀਓ ਨੇ ਰਾਜਨੀਤੀ 'ਚ ਦਿਲਚਸਪੀ ਰੱਖਦੇ ਲੋਕਾਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਦੱਸ ਦੇਈਏ ਕਿ 'ਆਪ' ਦੀ ਟਿਕਟ 'ਤੇ ਵਿਧਾਇਕ ਬਣੇ ਮਾਸਟਰ ਬਲਦੇਵ ਸਿੰਘ ਕੁਝ ਅਰਸਾ ਪਹਿਲਾਂ ਪਾਰਟੀ ਤੋਂ ਵੱਖ ਹੋ ਕੇ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ ਅਤੇ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੂਬੇ ਦੇ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਪਾਰਟੀ ਨੇ ਇਸ ਵਾਰ ਉਨ੍ਹਾਂ ਨੂੰ ਹਲਕੇ ਫ਼ਰੀਦਕੋਟ ਤੋਂ 'ਆਪ' ਦੇ ਮੌਜੂਦਾ ਐੱਮ.ਪੀ. ਪ੍ਰੋ. ਸਾਧੂ ਸਿੰਘ ਵਿਰੁੱਧ ਟਿਕਟ ਦਿੱਤੀ ਹੈ। 

ਮਿਲੀ ਜਾਣਕਾਰੀ ਅਨੁਸਾਰ ਰਾਜਾ ਵਲੋਂ ਆਪਣੇ ਪਿੰਡ ਰਾਮੇਆਣਾ ਤੋਂ 'ਆਪ' ਦੇ ਜ਼ਿਲਾ ਪ੍ਰਧਾਨ ਧਰਮਜੀਤ ਰਾਮੇਆਣਾ ਵਲੋਂ ਵਿਧਾਇਕ ਦੀ ਵਿਧਾਨ ਸਭਾ ਚੋਣਾਂ ਸਮੇਂ ਕੀਤੀ ਮਦਦ ਦੇ ਦਾਅਵੇ ਨੂੰ ਕਬੂਲਦਿਆਂ ਬਲਦੇਵ ਸਿੰਘ ਸਪੱਸ਼ਟੀਕਰਨ ਦਿੱਤਾ ਕਿ ਧਰਮਜੀਤ ਦੇ 'ਦਿੱਲੀ ਵਾਲਿਆਂ' ਨਾਲ ਚਲੇ ਜਾਣ ਕਰਕੇ ਉਨ੍ਹਾਂ ਦੇ ਰਸਤੇ ਦੋਫ਼ਾੜ ਹੋ ਗਏ ਹਨ। ਰਾਮੇਆਣਾ-ਜੈਤੋ ਸੜਕ ਦੀ ਖਸਤਾ ਹਾਲਤ ਬਾਰੇ ਵਿਧਾਇਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰ ਅਜਿਹਾ ਕੋਈ ਫੰਡ ਨਹੀਂ ਦਿੰਦੀ, ਜੋ ਹਲਕੇ ਦੀਆਂ ਲੋੜਾਂ ਮੁਤਾਬਿਕ ਆਪਣੀ ਮਰਜ਼ੀ ਨਾਲ ਖ਼ਰਚ ਸਕਣ। ਇੱਥੇ ਵੀ ਦੋਹਾਂ ਦੀ ਤਿੱਖੀ ਨੋਕ-ਝੋਕ ਹੁੰਦੀ ਹੈ। ਸੁਰੱਖਿਆ ਲੈਣ ਦੇ ਕੀਤੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਸੁਰੱਖਿਆ ਸਰਕਾਰ ਨੇ ਦਿੱਤੀ ਹੈ। ਇਸ ਵੀਡੀਓ 'ਚ ਰਾਜਾ ਬਲਦੇਵ ਸਿੰਘ ਨੂੰ ਚੋਣਾਂ 'ਚ ਉਨ੍ਹਾਂ ਦੀ 'ਜ਼ਮਾਨਤ ਜ਼ਬਤ' ਹੋਣ ਬਾਰੇ ਪੇਸ਼ੀਨਗੋਈ ਕਰ ਰਿਹਾ ਹੈ।


author

rajwinder kaur

Content Editor

Related News