ਵਿਧਾਇਕ ਦੇ ਘਰ ਮੁੱਖ ਮੰਤਰੀ ਕੈਪਟਨ ਨਾਲ ਡਾ. ਨਿੱਝਰ ਦੀ ਹੋਈ ਮਿਲਣੀ ਨੇ ਨਵੀਂ ਚਰਚਾ ਛੇੜੀ

Tuesday, Jul 25, 2017 - 02:24 AM (IST)

ਬਟਾਲਾ,   (ਮਠਾਰੂ) -  ਬੀਤੇ ਦਿਨ ਇਕ ਕਾਂਗਰਸੀ ਵਿਧਾਇਕ ਦੇ ਘਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਟਾਲਾ ਦੇ ਉੱਘੇ ਸਮਾਜਸੇਵੀ ਆਗੂ ਤੇ ਸੀਨੀਅਰ ਨੁਮਾਇੰਦੇ ਡਾਕਟਰ ਸਤਨਾਮ ਸਿੰਘ ਨਿੱਝਰ ਦੀ ਮਿਲਣੀ ਨੇ ਰਾਜਨੀਤਿਕ ਗਲਿਆਰਿਆਂ ਦੇ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। 
ਸੂਤਰਾਂ ਮੁਤਾਬਿਕ ਸੂਬੇ ਦੀ ਸਿਆਸਤ 'ਚ ਚੰਗੀ ਪਕੜ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਸ਼ਾਹ ਦੇ ਯਤਨਾਂ ਸਦਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਗ੍ਰਹਿ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਡਾ. ਸਤਨਾਮ ਸਿੰਘ ਨਿੱਝਰ ਦੀ ਹੋਈ ਮੀਟਿੰਗ ਨੂੰ ਰਾਜਨੀਤਿਕ ਹਲਕਿਆਂ 'ਚ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਸਮਾਜ ਸੇਵਾ ਦੇ ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਲੱਗੇ ਹੋਏ ਡਾ. ਨਿੱਝਰ ਦੀ ਜਿਥੇ ਕਾਂਗਰਸ ਹਾਈਕਮਾਂਡ ਦੇ ਆਲਾ ਆਗੂਆਂ ਨਾਲ ਚੰਗੀ ਸਾਂਝ ਹੈ, ਉਥੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਬਹੁਤ ਪੁਰਾਣੀ ਅਤੇ ਡੂੰਘੀ ਨੇੜਤਾ ਚੱਲੀ ਆ ਰਹੀ ਹੈ ਕਿਉਂਕਿ ਕੈਪਟਨ ਵੱਲੋਂ ਆਪਣੇ ਕਾਰਜਕਾਲ ਦੌਰਾਨ ਡਾ. ਨਿੱਝਰ ਨੂੰ ਸੂਬੇ ਦੀ ਮੈਡੀਕਲ ਐਸੋਸੀਏਸ਼ਨ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ ਅਤੇ ਦੇਸ਼-ਵਿਦੇਸ਼ 'ਚ ਡਾ. ਨਿੱਝਰ ਨਾਲ ਲਗਾਤਾਰ ਰਾਬਤਾ ਕਾਇਮ ਕਰ ਕੇ ਰਣਨੀਤੀ ਵੀ ਉਲੀਕੀ ਜਾਂਦੀ ਰਹੀ ਹੈ। ਜ਼ਿਮਨੀ ਚੋਣ ਨੂੰ ਲੈ ਕੇ ਭਾਂਵੇ ਬਾਜਵਾ ਪਰਿਵਾਰ, ਅਸ਼ਵਨੀ ਸੇਖੜੀ ਅਤੇ ਹੋਰ ਦਿੱਗਜ ਆਗੂਆਂ ਦੀ ਵੀ ਚਰਚਾ ਚੱਲ ਰਹੀ ਹੈ ਪਰ ਡਾ. ਨਿੱਝਰ ਦੀ ਮੁੱਖ ਮੰਤਰੀ ਕੈਪਟਨ ਨਾਲ ਮਿਲਣੀ ਨੇ ਹਲਕੇ ਦੇ ਅੰਦਰ ਨਵੀਂ ਚਰਚਾ ਨੂੰ ਛੇੜਦਿਆਂ ਇਕ ਨਵਾਂ ਚਿਹਰਾ ਸਾਹਮਣੇ ਲਿਆਂਦਾ ਹੈ। ਜਦ ਇਸ ਸਬੰਧੀ ਡਾ. ਸਤਨਾਮ ਸਿੰਘ ਨਿੱਝਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਦੀ ਪੁਸ਼ਟੀ ਤਾਂ ਜ਼ਰੂਰ ਕੀਤੀ ਪਰ ਬੰਦ ਕਮਰਾ ਜੋ ਗੱਲਬਾਤ ਹੋਈ ਉਸ ਦਾ ਬਹੁਤਾ ਖੁਲਾਸਾ ਨਹੀਂ ਕੀਤਾ।


Related News