ਵਿਧਾਇਕ ਭਰਾਜ ਨੇ ਕਾਂਗਰਸੀ ਅਤੇ ਅਕਾਲੀ ਦਲ ਦੇ ਕੌਂਸਲਰ ਨੂੰ ਕਰਵਾਇਆ ''ਆਪ'' ''ਚ ਸ਼ਾਮਲ
Wednesday, Jul 17, 2024 - 06:00 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਨਗਰ ਕੌਂਸਲ ਭਵਾਨੀਗੜ੍ਹ ਦੇ ਮੌਜੂਦਾ ਕਾਂਗਰਸੀ ਕੌਂਸਲਰ ਨਰਿੰਦਰ ਸਿੰਘ ਹਾਕੀ ਤੇ ਅਕਾਲੀ ਦਲ ਦੇ ਇਕੋ ਇਕ ਕੌਂਸਲਰ ਗੁਰਵਿੰਦਰ ਸਿੰਘ ਸੱਗੂ ਨੇ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਭਵਾਨੀਗੜ੍ਹ ਵਿਚ ਕਾਂਗਰਸ ਪਾਰਟੀ ਦੇ ਜ਼ਿਆਦਾ ਕੌਂਸਲਰ ਹੋਣ ਕਾਰਨ ਸੱਤਾਧਾਰੀ ਧਿਰ ਦੇ ਕੌਂਸਲਰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਮਤਾ ਪਾਸ ਨਹੀਂ ਕਰ ਸਕਦੇ ਸਨ ਜਿਸ ਕਾਰਨ ਵਿਕਾਸ ਕਾਰਜ ਪੂਰਨ ਤੌਰ 'ਤੇ ਠੱਪ ਪਏ ਸਨ। ਇਸੇ ਦੌਰਾਨ ਅੱਜ ਉਕਤ ਕੌਂਸਲਰਾਂ ਦੇ 'ਆਪ' ਵਿਚ ਸ਼ਾਮਲ ਹੋਣ ਨਾਲ ਇਹ ਤਕਨੀਕੀ ਅੜਿੱਕਾ ਦੂਰ ਹੋ ਗਿਆ ਹੈ।
ਹਲਕਾ ਵਿਧਾਇਕ ਭਰਾਜ ਨੇ ਪਾਰਟੀ 'ਚ ਸ਼ਾਮਲ ਹੋਏ ਦੋਵੇਂ ਕੌੰਸਲਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਹੈ ਅਤੇ ਹੁਣ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡਣਗੇ। ਇਸ ਮੌਕੇ ਗੁਰਤੇਜ ਤੇਜੀ ਕੌਂਸਲਰ ਤੋਂ ਇਲਾਵਾ ਗੁਰਪ੍ਰੀਤ ਸਿੰਘ ਫੱਗੂਵਾਲਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ, ਪ੍ਰਦੀਪ ਮਿੱਤਲ ਪ੍ਰਧਾਨ ਆੜ੍ਹਤੀਆ ਐਸੋ. ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ ਨਦਾਮਪੁਰ, ਜਸਪਾਲ ਕੌਰ, ਜਗਸੀਰ ਸਿੰਘ ਝਨੇੜੀ ਤੇ ਲਖਵਿੰਦਰ ਸਿੰਘ ਫੱਗੂਵਾਲਾ ਹਾਜ਼ਰ ਸਨ। ਇਸ ਮੌਕੇ 'ਆਪ' 'ਚ ਸ਼ਾਮਲ ਹੋਏ ਕੌਂਸਲਰ ਨਰਿੰਦਰ ਸਿੰਘ ਹਾਕੀ ਨੇ ਕਿਹਾ ਕਿ ਮੌਜੂਦਾ ਸੱਤਾਧਾਰੀ ਪਾਰਟੀ ਕੋਲ ਬਹੁਮਤ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਬਿਲਕੁੱਲ ਠੱਪ ਪਏ ਸਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਬੇਤਹਾਸ਼ਾ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਭਵਾਨੀਗੜ੍ਹ ਦੇ ਲੋਕ ਵਿਕਾਸ ਤੋਂ ਵਾਂਝੇ ਰਹਿ ਜਾਣ। ਲੋਕਾਂ ਦੇ ਹਿਤਾਂ ਨੂੰ ਦੇਖਦੇ ਹੋਏ ਉਨ੍ਹਾਂ 'ਆਪ' 'ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।