ਅਮਨ ਅਰੋੜਾ ਨੇ DGP ਖਿਲਾਫ਼ ਸੌਂਪਿਆ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਪ੍ਰਸਤਾਵ

09/04/2019 11:48:10 AM

ਚੰਡੀਗੜ੍ਹ (ਰਮਨਜੀਤ) - ਸੁਨਾਮ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਨੇ ਪੰਜਾਬ ਦੇ ਡੀ. ਜੀ. ਪੀ. ਪ੍ਰਬੋਧ ਕੁਮਾਰ, ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਖਿਲਾਫ ਪੰਜਾਬ ਵਿਧਾਨ ਸਭਾ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੇ ਹਨਨ, ਮਾਣਹਾਨੀ ਕਰਨ ਖਿਲਾਫ 'ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ, ਕਾਰਜ ਸੰਚਾਲਨ ਨਿਯਮਾਂਵਲੀ' ਦੇ ਚੈਪਟਰ-21 ਦੀ ਧਾਰਾ 262 ਦੇ ਤਹਿਤ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਸਪੀਕਰ ਨੂੰ ਪ੍ਰਸਤਾਵ ਦੇਣ ਮੌਕੇ ਉਨ੍ਹਾਂ ਨਾਲ ਵਿਧਾਇਕ ਰੁਪਿੰਦਰ ਕੌਰ ਰੂਬੀ, ਪਿਰਮਲ ਸਿੰਘ ਖਾਲਸਾ, ਪ੍ਰਿੰ. ਬੁੱਧਰਾਮ ਤੇ ਗੁਰਦੇਵ ਸਿੰਘ ਕਮਾਲੂ ਆਦਿ ਮੌਜੂਦ ਸਨ।

ਪੱਤਰ 'ਚ ਅਰੋੜਾ ਨੇ ਕਿਹਾ ਕਿ 28 ਅਗਸਤ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਕਰਨ ਲਈ ਸੱਦੇ ਗਏ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਨੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਕੇਸਾਂ ਅਤੇ ਗੋਲੀਕਾਂਡ ਨਾਲ ਸਬੰਧਿਤ ਸਾਰੇ ਕੇਸਾਂ ਨੂੰ ਸੀ. ਬੀ. ਆਈ ਤੋਂ ਵਾਪਸ ਲੈਣ ਦੇ ਮਤੇ ਪਾਸ ਕੀਤੇ ਗਏ ਸਨ। ਪਰ 29 ਜੁਲਾਈ, 2019 ਨੂੰ ਪ੍ਰਬੋਧ ਕੁਮਾਰ ਵਲੋਂ ਸੀ. ਬੀ. ਆਈ. ਨੂੰ ਪੱਤਰ ਲਿਖ ਕੇ ਕੁਝ ਨਵੇਂ ਤੱਥਾਂ ਦੀ ਮੁੜ ਜਾਂਚ ਕਰਨ ਲਈ ਲਿਖਿਆ ਗਿਆ, ਜੋ ਪੰਜਾਬ ਵਿਧਾਨ ਸਭਾ ਸਦਨ ਦੇ ਵਿਸ਼ੇਸ਼ ਅਧਿਕਾਰ ਹਨਨ ਅਤੇ ਮਾਣਹਾਨੀ ਦਾ ਅਤਿ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਬਣਦਾ ਹੈ, ਜਿਸ ਲਈ ਪ੍ਰਬੋਧ ਕੁਮਾਰ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਰੋੜਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਵਿਚ ਮਾਰੇ ਗਏ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਜਾਗਦੀ ਆਸ ਨਾਲ ਸੰਘਰਸ਼ ਕਰਦੇ ਰਹਿਣ ਦੀ ਆਪਣੀ ਵਚਨਬੱਧਤਾ ਮੁੜ ਦੁਹਰਾਈ।


rajwinder kaur

Content Editor

Related News