ਡੇਰਾਬੱਸੀ ਤੋਂ ਲਾਪਤਾ ਬੱਚਿਆਂ ਦੇ ਮਾਮਲੇ ’ਚ ਮੋਹਾਲੀ ਦੇ DC ਤੇ SSP ਤੋਂ ਮੰਗਿਆ ਜਵਾਬ
Thursday, Jul 11, 2024 - 11:13 AM (IST)
ਚੰਡੀਗੜ੍ਹ (ਹਾਂਡਾ) : ਡੇਰਾਬੱਸੀ ਤੋਂ 7 ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਖ਼ੁਦ ਨੋਟਿਸ ਲੈਂਦਿਆਂ ਮੋਹਾਲੀ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਤੋਂ ਜਵਾਬ ਮੰਗਿਆ ਹੈ। ਕਮਿਸ਼ਨ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੋਹਾਲੀ, ਡਿਪਟੀ ਕਮਿਸ਼ਨਰ ਤੇ ਸੀਨੀਅਰ ਪੁਲਸ ਕਪਤਾਨ ਤੋਂ ਰਿਪੋਰਟਾਂ ਮੰਗੀਆਂ ਹਨ।
ਇਸ ਕਾਰਵਾਈ ਅਗਲੀ ਸੁਣਵਾਈ 9 ਅਗਸਤ ਤੋਂ ਪਹਿਲਾਂ ਕਰਨੀ ਪਵੇਗੀ। ਡੇਰਾਬੱਸੀ ’ਚ 7 ਬੱਚੇ ਐਤਵਾਰ ਸਵੇਰੇ 5 ਵਜੇ ਥਾਣੇ ਕੋਲ ਸਥਿਤ ਪਾਰਕ ’ਚ ਖੇਡਣ ਲਈ ਘਰੋਂ ਨਿਕਲੇ ਸਨ ਪਰ ਵਾਪਸ ਨਹੀਂ ਪਰਤੇ। ਬੱਚਿਆਂ ’ਚ ਦਲੀਪ, ਗੌਰਵ, ਵਿਸ਼ਨੂੰ, ਗਿਆਨ ਚੰਦ, ਅਨਿਲ ਕੁਮਾਰ, ਸੂਰਜ ਤੇ ਅਜੇ ਸ਼ਾਮਲ ਹੈ ਤੇ ਇੱਕ ਲੜਕਾ ਦੀਪ ਖੇਡ ਕੇ ਘਰ ਪਰਤਿਆ ਸੀ।
ਹਾਲਾਂਕਿ ਸੋਮਵਾਰ ਤੱਕ ਕੁੱਝ ਬੱਚੇ ਇੰਸਟਾਗ੍ਰਾਮ ਤੇ ਫ੍ਰੀ ਫਾਇਰ ਐਪ ’ਤੇ ਐਕਟਿਵ ਦੇਖੇ ਗਏ ਪਰ ਉਸ ਤੋਂ ਬਾਅਦ ਕੋਈ ਐਕਟੀਵਿਟੀ ਨਹੀਂ ਮਿਲੀ। ਪੁਲਸ ਨੇ ਲਾਪਤਾ ਬੱਚਿਆਂ ਨੂੰ ਨਾਜਾਇਜ਼ ਹਿਰਾਸਤ ’ਚ ਰੱਖਣ ਦੇ ਦੋਸ਼ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।