ਜਲੰਧਰ 'ਚ 13 ਸਾਲਾ ਲੜਕੇ ਨੇ ਮਚਾਈ ਤਰਥੱਲੀ, ਕ੍ਰਾਈਮ ਪੈਟਰੋਲ ਦੇਖ ਰਚਿਆ ਡਰਾਮਾ (ਵੀਡੀਓ)

09/17/2019 5:06:28 PM

ਜਲੰਧਰ (ਸੁਧੀਰ, ਦੀਪਕ, ਸੋਨੂੰ)— ਬੀਤੇ ਦਿਨ ਸੇਠ ਹੁਕਮ ਚੰਦ ਸਕੂਲ 'ਚੋਂ ਅਚਾਨਕ ਲਾਪਤਾ ਹੋਇਆ ਲੜਕਾ ਪੁਲਸ ਵੱਲੋਂ ਦੇਰ ਸ਼ਾਮ ਤੱਕ ਲਧਿਆਣਾ ਤੋਂ ਬਰਾਮਦ ਕਰ ਲਿਆ ਗਿਆ। ਦਰਅਸਲ ਉਕਤ ਲੜਕੇ 'ਤੇ ਕ੍ਰਾਈਮ ਪੈਟਰੋਲ ਅਤੇ ਸਾਵਧਾਨ ਇੰਡੀਆ ਵਰਗੇ ਸੀਰੀਅਲ ਇੰਨੇ ਹਾਵੀ ਹੋਏ ਕਿ ਉਸ ਨੇ ਆਪਣੀ ਕਿਡਨੈਪਿੰਗ ਦੀ ਕਹਾਣੀ ਬਣਾ ਕੇ ਇਸ ਤਰ੍ਹਾਂ ਪੇਸ਼ ਕੀਤੀ ਕਿ ਜਲੰਧਰ ਦੀ ਪੁਲਸ ਦੇ ਹੱਥ ਪੈਰ ਫੁੱਲ ਗਏ। ਬੱਚੇ ਦੇ ਘਰ ਵਾਪਸ ਆਉਣ ਅਤੇ ਪੂਰੀ ਕਹਾਣੀ ਦੱਸਣ ਤੋਂ ਬਾਅਦ ਕਿਤੇ ਜਾ ਕੇ ਪੁਲਸ ਦੇ ਸਾਹ 'ਚ ਸਾਹ ਆਏ।

PunjabKesari

ਦੱਸ ਦੇਈਏ ਕਿ ਸਥਾਨਕ ਸੇਠ ਹੁਕਮ ਚੰਦ ਸਕੂਲ ਦੇ ਬਾਹਰ ਦੁਪਹਿਰ ਅਚਾਨਕ ਇਕ ਲੜਕੇ ਦੇ ਲਾਪਤਾ ਹੋਣ ਕਾਰਨ ਹੜਕੰਪ ਮਚ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਲੜਕੇ ਦੇ ਪਰਿਵਾਰ ਅਤੇ ਥਾਣਾ ਨੰਬਰ-2 ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਕਰੀਬ ਦੋ-ਤਿੰਨ ਘੰਟੇ ਚੱਲੇ ਇਸ ਡਰਾਮੇ ਤੋਂ ਬਾਅਦ ਆਖਿਰ ਉਦੋਂ ਪੁਲਸ ਦੇ ਸਾਹ 'ਚ ਸਾਹ ਆਏ ਜਦੋਂ ਲੜਕੇ ਨੇ ਆਪਣੇ ਘਰਦਿਆਂ ਨੂੰ ਮੈਸੇਜ ਕੀਤਾ ਕਿ ਉਸ ਨੂੰ ਕਿਸੇ ਨੇ ਕੁਝ ਸੁੰਘਾ ਕੇ ਕਿਡਨੈਪ ਕਰ ਲਿਆ ਸੀ, ਜਿਸ ਤੋਂ ਬਾਅਦ ਲੜਕੇ ਨੂੰ ਲੁਧਿਆਣਾ ਬਾਈਪਾਸ ਤੋਂ ਬਰਾਮਦ ਕਰ ਲਿਆ ਗਿਆ। ਜਦੋਂ ਪੁਲਸ, ਸਕੂਲ ਪ੍ਰਬੰਧਕ ਅਤੇ ਪਰਿਵਾਰ ਲੜਕੇ ਦੀ ਭਾਲ 'ਚ ਜੁੱਟਿਆ ਹੋਇਆ ਸੀ ਤਾਂ ਲੜਕੇ ਦੇ ਪਿਤਾ ਨੂੰ ਇਕ ਮੈਸੇਜ ਆਇਆ ਜੋ ਅਨਮੋਲ ਦਾ ਹੀ ਸੀ। ਅਨਮੋਲ ਨੇ ਦੱਸਿਆ ਕਿ ਉਸ ਨੂੰ ਕੋਈ ਵਿਅਕਤੀ ਬੋਹੋਸ਼ ਕਰਕੇ ਆਪਣੇ ਨਾਲ ਲੈ ਗਿਆ ਅਤੇ ਜਦੋਂ ਉਸ ਨੂੰ ਹੋਸ਼ ਆਇਆ ਉਸ ਨੇ ਦੇਖਿਆ ਕਿ ਉਹ ਇਕ ਬੱਸ 'ਚ ਹੈ ਅਤੇ ਉਸ ਨੇ ਆਪਣੇ ਤਾਏ ਨੂੰ ਫੋਨ ਕਰਕੇ ਮਦਦ ਲਈ ਸੱਦਿਆ।

PunjabKesari

ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਦੱਸਿਆ ਜਿਉਂ ਹੀ ਬੱਚਿਆਂ ਨੂੰ ਛੁੱਟੀ ਹੋਈ ਤਾਂ 8ਵੀਂ ਜਮਾਤ ਦਾ ਵਿਦਿਆਰਥੀ ਅਨਮੋਲ ਆਪਣੇ ਸਕੂਲ ਆਟੋ 'ਚ ਆਪਣਾ ਸਕੂਲ ਬੈਗ ਰੱਖ ਕੇ ਦੋਬਾਰਾ ਸਕੂਲ ਅੰਦਰ ਚਲਾ ਗਿਆ ਅਤੇ ਕਾਫੀ ਸਮੇਂ ਤੋਂ ਬਾਅਦ ਵੀ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਲੜਕੇ ਦੇ ਅਗਵਾ ਹੋਣ ਅਤੇ ਉਸ ਨੂੰ ਨਸ਼ੇ ਵਾਲੀ ਚੀਜ਼ ਸੁੰਘਾ ਕੇ ਲਿਜਾਣ ਸਬੰਧੀ ਕਈ ਅਫਵਾਹਾਂ ਉੱਡੀਆਂ ਪਰ ਪੁਲਸ ਜਾਂਚ 'ਚ ਪਤਾ ਲੱਗਾ ਕਿ ਬੱਚਾ ਸਕੂਲ ਦੀ ਛੁੱਟੀ ਤੋਂ ਬਾਅਦ ਆਟੋ 'ਚ ਆਪਣਾ ਬੈਗ ਰੱਖ ਕੇ ਸਾਈਂ ਦਾਸ ਸਕੂਲ ਕੋਲ ਪਹੁੰਚਿਆ ਅਤੇ ਉਥੋਂ ਆਟੋ 'ਚ ਬੈਠ ਕੇ ਲੁਧਿਆਣਾ ਦੀ ਬੱਸ 'ਚ ਬੈਠ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਕਈ ਤਰ੍ਹਾਂ ਅਫਵਾਹਾਂ ਉਡਣ ਲੱਗੀਆਂ ਪਰ ਉਹ ਝੂਠੀਆਂ ਸਾਬਤ ਹੋਈਆਂ। ਉਨ੍ਹਾਂ ਦੱਸਿਆ ਕਿ ਲੜਕੇ ਨੂੰ ਲੁਧਿਆਣਾ ਤੋਂ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ।

PunjabKesari

ਲੜਕੇ ਦੀ ਕਹਾਣੀ ਨੂੰ ਸੁਣ ਮਾਂਪੇ ਤੇ ਪੁਲਸ ਵੀ ਰਹਿ ਗਈ ਦੰਗ
ਜਦ ਲੜਕਾ ਘਰ ਵਾਪਸ ਆਇਆ ਤਾਂ ਉਸ ਨੇ ਜੋ ਕਹਾਣੀ ਪਰਿਵਾਰ ਨੂੰ ਸੁਣਾਈ ਉਸ ਤੋਂ ਬਾਅਦ ਸਭ ਹੈਰਾਨ ਰਹਿ ਗਏ। ਬੱਚੇ ਨੇ ਦੱਸਿਆ ਕਿ ਉਸ ਨੂੰ ਰਾਤ ਨੂੰ ਸੁਪਨਾ ਆਇਆ ਸੀ ਕਿ ਉਸ ਦੀ ਦਾਦੀ ਆਈ. ਸੀ. ਯੂ. 'ਚ ਦਾਖਲ ਹੈ ਅਤੇ ਉਸ ਨੇ ਉਦੋਂ ਹੀ ਲੁਧਿਆਣਾ ਰਹਿੰਦੀ ਆਪਣੀ ਦਾਦੀ ਨੂੰ ਮਿਲਣ ਦਾ ਮਨ ਬਣਾ ਲਿਆ। ਉਸ ਨੇ ਦੱਸਿਆ ਕਿ ਲੁਧਿਆਣਾ ਜਾਣ ਲਈ ਪੈਸੇ ਉਸ ਨੇ ਸਵੇਰੇ ਹੀ ਘਰੋਂ ਲੈ ਲਏ ਸੀ ਅਤੇ ਦੁਪਹਿਰੇ ਜਦੋਂ ਛੁੱਟੀ ਹੋਈ ਤਾਂ ਉਸ ਨੇ ਪਹਿਲੇ ਆਪਣਾ ਬੈਗ ਅਤੇ ਪਾਣੀ ਦੀ ਬੋਤਲ ਆਟੋ 'ਚ ਰੱਖੀ ਫਿਰ ਕਿਸੇ ਕੰਮ ਦੇ ਬਹਾਨੇ ਵਾਪਸ ਸਕੂਲ ਚਲਾ ਗਿਆ ਪਰ ਉੱਥੋਂ ਗਾਇਬ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਇਹ ਆਈਡੀਆ ਕ੍ਰਾਈਮ ਪੈਟਰੋਲ ਅਤੇ ਸਾਵਧਾਨ ਇੰਡੀਆ ਵਰਗੇ ਸੀਰੀਅਲਾਂ ਤੋਂ ਮਿਲਿਆ ਸੀ।


shivani attri

Content Editor

Related News