ਮਿਸ ਯੂਨੀਵਰਸ ਹਰਨਾਜ਼ ਸੰਧੂ ਕ੍ਰਿਸਮਸ ਡੇਅ ਤੋਂ ਬਾਅਦ ਪਰਤੇਗੀ ਭਾਰਤ, ਮਾਂ ਨੇ ਦੱਸੀ ਅੱਗੇ ਦੀ ਸਾਰੀ ਪਲਾਨਿੰਗ
Wednesday, Dec 15, 2021 - 07:31 PM (IST)
ਚੰਡੀਗੜ੍ਹ : 21 ਸਾਲ ਬਾਅਦ ਭਾਰਤ ਨੂੰ 'ਮਿਸ ਯੂਨੀਵਰਸ' ਦਾ ਖ਼ਿਤਾਬ ਦਿਵਾਉਣ ਵਾਲੀ ਹਰਨਾਜ਼ ਕੌਰ ਸੰਧੂ ਕ੍ਰਿਸਮਸ ਤੋਂ ਬਾਅਦ ਭਾਰਤ ਪਰਤੇਗੀ। ਹਰਨਾਜ ਦੀ ਭਾਰਤ ਵਾਪਸੀ 'ਤੇ ਮੋਹਾਲੀ ਵਿਖੇ ਰਹਿ ਰਿਹਾ ਪਰਿਵਾਰ, ਚੰਡੀਗੜ੍ਹ ਸਥਿਤ ਸਕੂਲ ਤੇ ਕਾਲਜ ਸਵਾਗਤ ਦੀਆਂ ਤਿਆਰੀਆਂ 'ਚ ਰੁੱਝ ਗਿਆ ਹੈ। ਘਰ ਆਉਣ 'ਤੇ ਧੀ ਲਈ ਪਰਿਵਾਰ ਨੇ ਕਈ ਸੁਫਨੇ ਸਜਾ ਰੱਖੇ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਮਾਂ ਨੇ ਪਲਾਨਿੰਗ ਕਰ ਲਈ ਹੈ। ਉੱਥੇ ਸਕੂਲ ਤੇ ਕਾਲਜ ਵੀ ਸਵਾਗਤ ਪਾਰਟੀ ਦੀ ਤਿਆਰੀ ਕਰ ਰਿਹਾ ਹੈ।
ਹਰਿਮੰਦਰ ਸਾਹਿਬ ਅੰਮ੍ਰਿਤਸਰ 'ਚ ਟੇਕਿਆ ਜਾਵੇਗਾ ਮੱਥਾ
ਮਿਸ ਯੂਨੀਵਰਸ ਹਰਨਾਜ਼ ਦੀ ਮਾਂ ਡਾ. ਰਵਿੰਦਰ ਕੌਰ ਦੱਸਦੀ ਹੈ ਕਿ ਘਰ ਆਉਣ 'ਤੇ ਧੀ ਨੂੰ ਸਭ ਤੋ ਪਹਿਲਾਂ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਲਿਜਾਵਾਂਗੀ। ਮਿਸ ਯੂਨੀਵਰਸ ਮੁਕਾਬਲੇ 'ਚ ਜਾਣ ਤੋਂ ਪਹਿਲਾਂ ਜਿੱਤ ਲਈ ਹਰਿਮੰਦਰ ਸਾਹਿਬ ਵਿਖੇ ਮੰਨਤ ਮੰਗੀ ਸੀ। ਮੱਥਾ ਟੇਕਣ ਲਈ ਉਸ ਦੇ ਪਿਤਾ ਪੀ. ਐੱਸ. ਸੰਧੂ ਤੇ ਭਰਾ ਹਰਨੂਰ ਸਿੰਘ ਤੋਂ ਇਲਾਵਾ ਗੁਰਦਾਸਪੁਰ 'ਚ ਰਹਿਣ ਵਾਲਾ ਪਰਿਵਾਰ ਵੀ ਸ਼ਾਮਲ ਹੋਵੇਗਾ। ਮੱਥਾ ਟੇਕਣ ਤੋਂ ਬਾਅਦ ਸਪੈਸ਼ਲ ਤੋਹਫ਼ਾ ਦਿੱਤਾ ਜਾਵੇਗਾ, ਜੋ ਕਿ ਜੀਵਨ ਭਰ ਉਸ ਨਾਲ ਰਹੇਗਾ ਤੇ ਯਾਦਗਾਰ ਬਣੇਗਾ।
ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼
ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਖੁਆਵਾਂਗੀ : ਮਾਂ
ਰਵਿੰਦਰ ਕੌਰ ਨੇ ਦੱਸਿਆ ਕਿ ਹਰਨਾਜ਼ ਕੌਰ ਨੂੰ ਬਚਪਨ ਤੋਂ ਹੀ ਖਾਣ 'ਚ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਬਹੁਤ ਪਸੰਦ ਹੈ। ਭਾਰਤ ਆਉਣ ਤੋਂ ਬਾਅਦ ਇਹ ਦੋਵੇਂ ਬਣਾ ਕੇ ਉਸ ਨੂੰ ਖੁਆਵਾਂਗੀ। ਧੀ ਨੇ ਸਿਰਫ਼ ਆਪਣਾ ਤੇ ਪਰਿਵਾਰ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਜੋ ਕਿ ਸਭ ਤੋਂ ਵੱਡਾ ਮਾਣ ਹੈ।
ਇਹ ਖ਼ਬਰ ਵੀ ਪੜ੍ਹੋ : ਉਰਫੀ ਜਾਵੇਦ ਨੇ ਨੈੱਟ ਵਾਲੀ ਡਰੈੱਸ ਪਹਿਨ ਕੇ ਕੀਤਾ ਅਜਿਹਾ ਗੰਦਾ ਇਸ਼ਾਰਾ, ਲੋਕਾਂ ਨੇ ਕਰ ਦਿੱਤੀ ਟਰੋਲ
ਸਕੂਲ ਤੇ ਕਾਲਜ 'ਚ ਕਰਾਂਗੇ ਸਵਾਗਤ ਪਾਰਟੀ
ਹਰਨਾਜ ਸੰਧੂ ਦੇ ਭਾਰਤ ਪਰਤਣ ਤੋਂ ਬਾਅਦ ਕਾਲਜ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼ ਸੈਕਟਰ-42 ਅਤੇ 11ਵੀਂ ਤੇ 12ਵੀਂ ਜਮਾਤ ਦੀ ਪੜ੍ਹਾਈ ਕਰਵਾਉਣ ਵਾਲਾ ਸਕੂਲ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-35 'ਚ ਸਵਾਗਤ ਪਾਰਟੀ ਦੇਵੇਗਾ। ਕਾਲਜ ਪ੍ਰਿੰਸੀਪਲ ਡਾ. ਨਿਸ਼ਾ ਨੇ ਕਿਹਾ ਕਿ ਦੇਸ਼ ਲਈ ਗੌਰਵ ਦੀ ਗੱਲ ਹੈ ਤਾਂ ਸਾਡੇ ਵੱਲੋਂ ਸਵਾਗਤ ਪਾਰਟੀ ਤਾਂ ਬਣਦੀ ਹੈ। ਉੱਥੇ ਸਕੂਲ ਪ੍ਰਿੰਸੀਪਲ ਪਰਮਜੀਤ ਮਾਨ ਨੇ ਦੱਸਿਆ ਕਿ ਸਕੂਲ 'ਚ ਹਰਨਾਜ਼ ਐੱਨ. ਐੱਸ. ਐੱਸ. ਵਲੰਟੀਅਰ ਸੀ। ਵਲੰਟੀਅਰ ਰਹਿੰਦੇ ਹੋਏ ਹਰ ਐਕਟੀਵਿਟੀ 'ਚ ਉਹ ਸਭ ਤੋਂ ਅੱਗੇ ਰਹਿੰਦੀ ਸੀ। ਇਸ ਵਾਰ ਸੁੰਦਰਤਾ ਮੁਕਾਬਲੇ 'ਚ ਉਹ ਵਿਸ਼ਵ 'ਚ ਸਭ ਤੋਂ ਅੱਗੇ ਨਿਕਲੀ ਹੈ। ਉੱਥੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਉੱਪਲ ਨੇ ਕਿਹਾ ਕਿ ਦੇਸ਼ ਲਈ ਮਾਣ ਦਾ ਵਿਸ਼ਾ ਹੈ ਕਿ ਸਾਡੀ ਧੀ 21 ਸਾਲ ਬਾਅਦ ਵਿਸ਼ਵ ਸੁੰਦਰੀ ਦਾ ਖ਼ਿਤਾਬ ਲੈ ਕੇ ਆ ਰਹੀ ਹੈ, ਜਿਸ ਨੂੰ ਸੈਲੀਬ੍ਰੇਟ ਕਰਨ ਲਈ ਉਹ ਸਵਾਗਤੀ ਸਮਾਗਮ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਸਲਮਾਨ-ਰਣਬੀਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੈਟਰੀਨਾ-ਵਿੱਕੀ ਨੂੰ ਦਿੱਤੇ ਕਰੋੜਾਂ ਦੇ ਤੋਹਫ਼ੇ
ਪੀ. ਯੂ. ਦੇ ਵੀ. ਸੀ. ਨੇ ਵੀ ਦਿੱਤੀਆਂ ਮੁਬਾਰਕਾਂ
ਹਰਨਾਜ ਕੌਰ ਸੰਧੂ ਨੂੰ ਮਿਲੇ ਮਿਸ ਯੂਨੀਵਰਸ ਦੇ ਤਾਜ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ, ਐਗਜ਼ਾਮੀਨੇਸ਼ਨ ਕੰਟਰੋਲਰ ਡਾ. ਜਗਤ ਭੂਸ਼ਣ ਨੇ ਵੀ ਮੁਬਾਰਕਾਂ ਦਿੱਤੀਆਂ ਹਨ। ਵਾਈਸ ਚਾਂਸਲਰ ਨੇ ਕਿਹਾ ਕਿ ਉਨ੍ਹਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਇਕ ਤੋਂ ਬਾਅਦ ਇਕ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਨੌਜਵਾਨ ਸਾਹਮਣੇ ਆ ਰਹੇ ਹਨ। ਪਹਿਲਾਂ ਨੀਰਜ ਚੋਪੜਾ ਨੇ ਦੇਸ਼ ਦਾ ਤਿਰੰਗਾ ਫਹਿਰਾਇਆ ਹੈ ਤੇ ਹੁਣ ਹਰਨਾਜ਼ ਨੇ ਦੇਸ਼ ਦਾ ਸਿਰ ਉੱਚਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸੁਰਵੀਨ ਚਾਵਲਾ ਨੇ ਖੋਲ੍ਹਿਆ ਫ਼ਿਲਮ ਇੰਡਸਟਰੀ ਦਾ ਕਾਲਾ ਚਿੱਠਾ, ਕਿਹਾ- ਔਰਤਾਂ ਨਾਲ ਹੁੰਦੈ ਇਹ ਸਭ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।