'ਮਿਸ ਪੰਜਾਬਣ' ਮੁਕਾਬਲੇ ਦੇ ਨਾਂ 'ਤੇ ਅੱਤਿਆਚਾਰ! ਕੋਰਟ ਦੇ ਦਖ਼ਲ ਮਗਰੋਂ ਰਿਹਾਅ ਹੋਈ ਕੁੜੀ ਨੇ ਕੀਤੇ ਖ਼ੁਲਾਸੇ
Wednesday, Mar 16, 2022 - 03:39 PM (IST)
ਮੋਹਾਲੀ (ਵੈੱਬ ਡੈਸਕ, ਪਰਦੀਪ) : ਇੱਥੇ ਮਿਸ ਪੰਜਾਬਣ ਮੁਕਾਬਲੇ 'ਚ ਹਿੱਸਾ ਲੈਣ ਵਾਲੀ ਇਕ ਕੁੜੀ ਨੂੰ ਪਿਤਾ ਵੱਲੋਂ ਅਦਾਲਤ 'ਚ ਦਾਖ਼ਲ ਕੀਤੀ ਪਟੀਸ਼ਨ ਤੋਂ ਬਾਅਦ ਪ੍ਰਬੰਧਕਾਂ ਕੋਲੋਂ ਰਿਹਾਅ ਕਰਵਾਇਆ ਗਿਆ ਹੈ। ਇਸ ਸਬੰਧੀ ਕੁੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵਾਰੰਟ ਅਫ਼ਸਰ ਨਿਯੁਕਤ ਕੀਤਾ ਗਿਆ ਸੀ, ਜਿਸ ਨੇ ਕੁੜੀ ਨੂੰ ਰਿਹਾਅ ਕਰਵਾਇਆ। ਜਾਣਕਾਰੀ ਮੁਤਾਬਕ ਮੋਹਾਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਅਦਾਲਤ ਨੂੰ ਦੱਸਿਆ ਕਿ ਇਕ ਨਿੱਜੀ ਚੈਨਲ ਵੱਲੋਂ ਸਾਲ 2022-23 ਲਈ 'ਮਿਸ ਪੰਜਾਬਣ' ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਦੀ ਧੀ ਨੇ ਵੀ ਹਿੱਸਾ ਲਿਆ। ਇਸ ਦੇ ਲਈ ਕੁੜੀ ਨੂੰ ਸੈਕਟਰ-74 ਦੇ ਦਫ਼ਤਰ ਬੁਲਾਇਆ ਗਿਆ ਅਤੇ ਉਸ ਦੀ ਇਕ ਹੋਟਲ 'ਚ ਰਿਹਾਇਸ਼ ਕਰਵਾਈ ਗਈ। ਬੀਤੀ 3 ਮਾਰਚ ਨੂੰ ਉਕਤ ਕੁੜੀ ਵੱਲੋਂ ਆਡੀਸ਼ਨ ਕਲੀਅਰ ਕੀਤਾ ਗਿਆ, ਜਦੋਂ ਕਿ ਪ੍ਰੀ-ਆਡੀਸ਼ਨ ਉਸ ਨੇ ਜਨਵਰੀ 'ਚ ਹੀ ਕਲੀਅਰ ਕਰ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਚਿਆ ਜਾਵੇਗਾ ਇਤਿਹਾਸ, ਖਟਕੜ ਕਲਾਂ 'ਚ ਸਜੀ ਸਟੇਜ ਨੂੰ 'ਭਗਵੰਤ ਮਾਨ' ਦੀ ਉਡੀਕ (ਵੀਡੀਓ)
ਪਿਤਾ ਨੇ ਦੋਸ਼ ਲਾਇਆ ਕਿ ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਧੀ ਨੇ ਫੋਨ ਕੀਤਾ ਅਤੇ ਕਿਹਾ ਕਿ ਕੁੱਝ ਸੀਨੀਅਰ ਅਧਿਕਾਰੀ ਦੀ ਸ਼ਹਿ 'ਤੇ ਉਸ ਨੂੰ ਖਾਣਾ ਅਤੇ ਹੋਰ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਕੁੜੀ ਨੇ ਦੱਸਿਆ ਕਿ ਉਸ ਨੇ ਉੱਥੋਂ ਜਾਣ ਲਈ ਅਧਿਕਾਰੀਆਂ ਨੂੰ ਕਿਹਾ ਸੀ ਪਰ ਉਸ ਨੂੰ ਜਾਣ ਨਹੀਂ ਦਿੱਤਾ ਗਿਆ ਅਤੇ ਉਸ ਕੋਲੋਂ ਖ਼ਾਲੀ ਕਾਗਜ਼ਾਂ 'ਤੇ ਵੀ ਦਸਤਖ਼ਤ ਕਰਵਾ ਲਏ ਗਏ। ਜਦੋਂ ਪਿਤਾ ਨੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਕੁੜੀ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਅਤੇ ਅਦਾਲਤ ਦੇ ਫ਼ੈਸਲੇ ਅਨੁਸਾਰ ਨਿਯੁਕਤ ਕੀਤੇ ਗਏ ਵਾਰੰਟ ਅਫ਼ਸਰ ਦੀ ਦਖ਼ਲ-ਅੰਦਾਜ਼ੀ ਦੇ ਚੱਲਦਿਆਂ ਹੀ ਕੁੜੀ ਨੂੰ ਰਿਹਾਅ ਕਰਵਾਇਆ ਗਿਆ। ਕੁੜੀ ਨੇ ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ 'ਮਿਸ ਪੰਜਾਬਣ' ਮੁਕਾਬਲੇ ਦੇ ਨਾਂ 'ਤੇ ਕੁੜੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਬੇਹੱਦ ਟਾਰਚਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਖਟਕੜ ਕਲਾਂ ਲਈ ਰਵਾਨਾ, ਪੰਜਾਬ ਦੇ CM ਵੱਜੋਂ ਸਹੁੰ ਚੁੱਕਣ ਤੋਂ ਪਹਿਲਾਂ ਕੀਤਾ ਟਵੀਟ
ਉਸ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਬੈਠਣ ਵਾਲੇ ਜੱਜਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣੀ ਸਟੇਟਮੈਂਟ ਦੇ ਸਕਣ, ਸਗੋਂ ਉਨ੍ਹਾਂ ਨੂੰ ਜੋ ਵੀ ਡਾਇਰੈਕਟਰ ਭੇਜਦਾ ਹੈ, ਉਸ ਦਾ ਇਨਾਮ ਐਲਾਨਿਆ ਜਾਂਦਾ ਹੈ। ਕੁੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਕਾਬਲੇ 'ਚ ਹਿੱਸਾ ਲੈਣ ਵਾਲੀਆਂ ਕੁੜੀਆਂ ਨੂੰ ਆਪਣੇ ਮਾਪਿਆਂ ਨੂੰ ਮਿਲਣ ਦਾ ਅਧਿਕਾਰ ਨਹੀਂ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਿਨ੍ਹਾਂ ਕੁੜੀਆਂ 'ਤੇ ਡਾਇਰੈਕਟਰ ਮਿਹਰਬਾਨ ਹੁੰਦੇ ਹਨ, ਉਹ ਕਦੇ ਵੀ ਰਾਤ ਵੇਲੇ ਵੀ ਆਪਣੇ ਹੋਟਲ ਤੋਂ ਬਾਹਰ ਜਾ ਕੇ ਕੁੱਝ ਵੀ ਮੰਗਵਾ ਸਕਦੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਹੁੰ ਚੁੱਕ ਸਮਾਰੋਹ ਲਈ 'ਭਗਵੰਤ ਮਾਨ' ਦੇ ਧੀ-ਪੁੱਤ ਅਮਰੀਕਾ ਤੋਂ ਪੁੱਜੇ ਪੰਜਾਬ
ਉਸ ਨੇ ਦੱਸਿਆ ਕਿ ਜਦੋਂ ਮੈਂ ਉੱਚੀ ਆਵਾਜ਼ ਵਿੱਚ ਆਪਣੀ ਗੱਲ ਬੇਬਾਕੀ ਨਾਲ ਡਾਇਰੈਕਟਰ ਸਾਹਮਣੇ ਰੱਖੀ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਆਵਾਜ਼ ਹੇਠਾਂ ਕਰੇ, ਨਹੀਂ ਤਾਂ ਉਸ ਨੂੰ ਪਹਿਲਾਂ ਕੀਤੇ ਐਗਰੀਮੈਂਟ ਮੁਤਾਬਕ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਉਸ 'ਤੇ 50 ਲੱਖ ਦੀ ਮਾਣਹਾਨੀ ਦਾ ਕੇਸ ਵੀ ਕੀਤਾ ਜਾ ਸਕਦਾ ਹੈ। ਕੁੜੀ ਨੇ ਦੱਸਿਆ ਕਿ ਇੱਥੇ 18 ਤੋਂ ਲੈ ਕੇ 25 ਸਾਲ ਤੱਕ ਦੀਆਂ ਕਈ ਕੁੜੀਆਂ ਹਨ ਅਤੇ ਉਹ ਖੁੱਲ੍ਹ ਕੇ ਆਪਣੀ ਗੱਲ ਨਹੀਂ ਰੱਖ ਪਾ ਰਹੀਆਂ ਕਿਉਂਕਿ ਪ੍ਰਬੰਧਕਾਂ ਵੱਲੋਂ ਇਸ ਮੁਕਾਬਲੇ ਤੋਂ ਪਹਿਲਾਂ ਸਾਰੀਆਂ ਕੁੜੀਆਂ ਕੋਲੋਂ ਧੋਖੇ ਨਾਲ ਐਗਰੀਮੈਂਟ ਸਾਈਨ ਕਰਵਾ ਲਏ ਜਾਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ