ਸਾਢੇ 3 ਸਾਲ ਦੀ ਬੱਚੀ ਨਾਲ ਗੁਆਂਢੀ ਨੇ ਕੀਤਾ ਕੁਕਰਮ, ਮੁਲਜ਼ਮ ਫ਼ਰਾਰ
Monday, May 30, 2022 - 02:45 PM (IST)
ਖੰਨਾ (ਜ. ਬ.) : ਖੰਨਾ ’ਚ ਇਕ ਦਰਿੰਦੇ ਵੱਲੋਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸਾਢੇ 3 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 30 ਸਾਲਾਂ ਦੇ ਵਿਅਕਤੀ ਵੱਲੋਂ ਬੱਚੀ ਨੂੰ ਕਿਸੇ ਚੀਜ਼ ਦਿਵਾਉਣ ਦਾ ਲਾਲਚ ਦੇ ਕੇ ਕੁਕਰਮ ਕੀਤਾ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖੰਨਾ ਸਰਕਾਰੀ ਹਸਪਤਾਲ ’ਚ ਪੁੱਜੇ ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਖੰਨਾ ’ਚ ਰਹਿੰਦੇ ਹਨ। ਬੀਤੀ ਰਾਤ ਉਨ੍ਹਾਂ ਦਾ ਗੁਆਂਢੀ ਕੋਈ ਚੀਜ਼ ਦਿਵਾਉਣ ਦਾ ਲਾਲਚ ਦੇ ਕੇ ਉਸਦੀ ਬੱਚੀ ਨੂੰ ਝਾੜੀਆਂ ’ਚ ਲੈ ਗਿਆ, ਜਿੱਥੇ ਉਸ ਦੇ ਨਾਲ ਕੁਕਰਮ ਕੀਤਾ ਗਿਆ। ਬੱਚੀ ਜਦੋਂ ਕਾਫ਼ੀ ਦੇਰ ਨਹੀਂ ਆਈ ਤਾਂ ਉਨ੍ਹਾਂ ਨੇ ਗੁਆਂਢੀ ਨੂੰ ਫੋਨ ਕੀਤਾ।
ਗੁਆਂਢੀ ਫੋਨ ਨਹੀਂ ਚੁੱਕ ਰਿਹਾ ਸੀ ਤਾਂ ਲੋਕ ਇਕੱਠੇ ਹੋਣ ਲੱਗੇ। ਇਸ ਦੌਰਾਨ ਗੁਆਂਢੀ ਬੱਚੀ ਨੂੰ ਘਰ ਛੱਡ ਫ਼ਰਾਰ ਹੋ ਗਿਆ। ਬੱਚੀ ਨੇ ਜਦੋਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਮਾਮਲੇ ਦਾ ਪਤਾ ਲੱਗਿਆ। ਸਰਕਾਰੀ ਹਸਪਤਾਲ ਖੰਨਾ ਦੇ ਡਾ. ਨਵਦੀਪ ਜੱਸਲ ਨੇ ਕਿਹਾ ਕਿ ਮੈਡੀਕਲ ’ਚ ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।