ਨਰਸਿੰਗ ਦਾ ਕੋਰਸ ਕਰਨ ਵਾਲੀ ਨਾਬਾਲਿਗ ਲੜਕੀ ਨਾਲ ਜਬਰ-ਜ਼ਿਨਾਹ
Thursday, Apr 14, 2022 - 05:20 PM (IST)
ਨਾਭਾ (ਜੈਨ) : ਇੱਥੇ ਨਰਸਿੰਗ ਦਾ ਕੋਰਸ ਕਰਨ ਵਾਲੀ ਇਕ ਨਾਬਾਲਿਗ ਇਕ ਲੜਕੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਪੁਲਸ ਦੇ ਐੱਸ. ਐੱਚ. ਓ. ਅਨੁਸਾਰ ਇਕ ਲੜਕੀ ਨੇ ਬਿਆਨ ਦਰਜ ਕਰਵਾਇਆ ਕਿ ਉਸ ਦੀ ਕਰਨਵੀਰ ਸਿੰਘ ਪੁੱਤਰ ਜੱਸੀ ਵਾਸੀ ਪਿੰਡ ਖੇੜ ਸੋਢੀਆਂ (ਅਮਰਗਡੜ੍ਹ) ਨਾਲ ਇਕ ਸਾਲ ਤੋਂ ਗੱਲਬਾਤ ਸੀ। ਲੜਕੀ ਆਪਣੇ ਘਰੋਂ ਅਕੈਡਮੀ ਜਾ ਰਹੀ ਸੀ ਕਿ ਸ਼ਾਮੀ ਬੱਸ ਖਰਾਬ ਹੋ ਗਈ। ਦੋਸ਼ੀ ਮੌਕੇ ’ਤੇ ਆਇਆ ਅਤੇ ਆਪਣੀ ਭਾਬੀ ਨਾਲ ਮਿਲਾਉਣ ਦਾ ਝਾਂਸਾ ਦੇ ਕੇ ਨਾਲ ਲੈ ਗਿਆ। ਜਿਸ ਘਰ ’ਚ ਗਿਆ ਉਥੇ ਇਕ ਔਰਤ ਮਿਲੀ ਜਿਸ ਨੇ ਲੜਕੀ ਦੀ ਟੀਚਰ ਬਣ ਕੇ ਉਸ ਦੇ ਘਰ ਫੋਨ ਕਰ ਦਿੱਤਾ ਕਿ ਤੁਹਾਡੀ ਲੜਕੀ ਹੋਸਟਲ ਪਹੁੰਚ ਗਈ ਹੈ। ਦੋਸ਼ੀ ਲੜਕੇ ਨੇ ਇਕ ਕਮਰੇ ’ਚ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਮਰੇ ਦੀ ਬਾਹਰੋਂ ਕੁੰਡੀ ਲਾ ਕੇ ਚਲਾ ਗਿਆ।
ਅਗਲੇ ਦਿਨ ਲੜਕੀ ਨੇ ਉੱਠ ਕੇ ਰੌਲਾ ਪਾਇਆ ਤਾਂ ਉਸ ਨੂੰ ਇਕ ਅਣਪਛਾਤੀ ਔਰਤ ਨੇ ਕਮਰੇ ’ਚੋਂ ਬਾਹਰ ਕੱਢਿਆ। ਦੋਸ਼ੀ ਨੂੰ ਮੌਕੇ ’ਤੇ ਬੁਲਾਇਆ ਜੋ ਕਿ ਲੜਕੀ ਨੂੰ ਹੋਸਟਲ ਛੱਡ ਆਇਆ। ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ’ਤੇ ਕਰਨਵੀਰ ਸਿੰਘ ਖ਼ਿਲਾਫ ਧਾਰਾ 376 ਆਈ. ਪੀ. ਸੀ. ਸੈਕਸ਼ਨ 4 ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਇਸ ਗੰਭੀਰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸਬ-ਇੰਸਪੈਕਟਰ ਨਵਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ। ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ। ਦੋਸ਼ੀ 19-20 ਸਾਲਾਂ ਦਾ ਨੌਜਵਾਨ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ। ਜੇਕਰ ਇਸ ਮਾਮਲੇ ’ਚ ਕਿਸੇ ਹੋਰ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਖ਼ਿਲਾਫ ਵੀ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।