ਬੇਅਦਬੀ ਦੇ ਇਨਸਾਫ ਲਈ ਝੂਠ ਬੋਲਣ ਵਾਲੇ ਸਾਰੇ ਮੰਤਰੀ ਦੇਣ ਅਸਤੀਫੇ : ਜਥੇ. ਦਾਦੂਵਾਲ

Sunday, Jul 14, 2019 - 09:14 PM (IST)

ਬੇਅਦਬੀ ਦੇ ਇਨਸਾਫ ਲਈ ਝੂਠ ਬੋਲਣ ਵਾਲੇ ਸਾਰੇ ਮੰਤਰੀ ਦੇਣ ਅਸਤੀਫੇ : ਜਥੇ. ਦਾਦੂਵਾਲ

ਤਲਵੰਡੀ ਸਾਬੋ, ਬਨੂੜ, (ਮੁਨੀਸ਼, ਗੁਰਪਾਲ)-ਬਰਗਾਡ਼ੀ, ਬਹਿਬਲ ਕਲਾਂ ਤੇ ਕੋਟਕਪੂਰਾ ਬੇਅਦਬੀ ਕਾਂਡ ਦਾ ਸੱਚ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਹੈ। ਜੇਕਰ ਏਨੀ ਵੱਡੀ ਬੇਅਦਬੀ ਦਾ ਸੱਚ ਸਰਕਾਰਾਂ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆਉਂਦੀਆਂ ਤਾਂ ਨੈਤਿਕਤਾ ਦੇ ਆਧਾਰ ਉੱਪਰ ਬੇਅਦਬੀ ਦੇ ਇਨਸਾਫ ਲਈ ਝੂਠ ਬੋਲਣ ਵਾਲੇ ਸਾਰੇ ਮੰਤਰੀਆਂ ਨੂੰ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ। ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਦਾ ਇਨਸਾਫ ਨਾ ਕਰਕੇ ਸੀ. ਬੀ. ਆਈ. ਅਤੇ ਸਰਕਾਰਾਂ ਸਿੱਖ ਕੌਮ ਨੂੰ ਫਿਰ ਇਨਸਾਫ਼ ਲਈ ਸੰਘਰਸ਼ ਦੇ ਰਾਹ ਤੋਰਨਾ ਚਾਹੁੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖ਼ਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਕ ਪ੍ਰੈੱਸ ਨੋਟ ਰਾਹੀਂ ਮੀਡੀਆ ਨਾਲ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਸੀ. ਬੀ. ਆਈ. ਨੂੰ ਜਾਂਚ ਦੇਣ ਦੀ ਮੰਗ ਕਦੇ ਵੀ ਸਿੱਖ ਜਥੇਬੰਦੀਆਂ ਦੀ ਨਹੀਂ ਰਹੀ ਸੀ। ਬਾਦਲ ਸਰਕਾਰ ਵੇਲੇ ਵੀ ਸਿੱਖ ਸੰਗਤਾਂ ਤੇ ਜਥੇਬੰਦੀਆਂ ਸਟੇਟ ਸਰਕਾਰ ਦੇ ਕੋਲੋਂ ਹੀ ਪੂਰਾ ਇਨਸਾਫ਼ ਚਾਹੁੰਦੀਆਂ ਸਨ ਪਰ ਬਾਦਲ ਸਰਕਾਰ ਨੇ ਆਪਣੇ ਗਲੋਂ ਗਲਾਵਾਂ ਲਾਹੁਣ ਲਈ ਜਾਂਚ ਸੀ. ਬੀ. ਆਈ. ਨੂੰ ਦੇ ਦਿੱਤੀ ਸੀ, ਇਸੇ ਤਰ੍ਹਾਂ ਸੱਤਾ ’ਚ ਨਾ ਹੋਣ ਸਮੇਂ ਕੈਪਟਨ ਅਮਰਿੰਦਰ ਸਿੰਘ ਵੀ ਇਨਸਾਫ ਦੇ ਵਾਅਦੇ ਕਰਦਾ ਰਿਹਾ ਪਰ ਸਰਕਾਰ ਬਣਨ ਤੋਂ ਬਾਅਦ ਉਸਨੇ ਵੀ ਸੀ. ਬੀ. ਆਈ. ਨੂੰ ਜਾਂਚ ਦੇ ਦਿੱਤੀ, ਜਿਸ ਦਾ ਬਰਗਾਡ਼ੀ ਇਨਸਾਫ਼ ਮੋਰਚੇ ਤੋਂ ਸਖਤ ਵਿਰੋਧ ਕੀਤਾ ਗਿਆ ਸੀ, ਜਿਸ ਨੂੰ ਵਾਪਸ ਲੈਣ ਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਪਰ ਮਤੇ ਪਤਾ ਨਹੀਂ ਕਿਹਡ਼ੇ ਟੇਬਲਾਂ ’ਤੇ ਰੁਲਦੇ ਰਹਿ ਗਏ ਕਿ ਸੀ. ਬੀ. ਆਈ. ਦੇ ਕੋਲੋਂ ਜਾਂਚ ਵਾਪਸ ਨਹੀਂ ਲਈ ਗਈ ਅਤੇ ਅੱਜ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਸਭ ਦੇ ਸਾਹਮਣੇ ਹੈ।

ਜਥੇਦਾਰ ਦਾਦੂਵਾਲ ਨੇ ਜਥੇ. ਧਿਆਨ ਸਿੰਘ ਮੰਡ ਨੂੰ ਵੀ ਸਵਾਲ ਕਰਦਿਆਂ ਕਿਹਾ ਕਿ ਬਰਗਾਡ਼ੀ ਇਨਸਾਫ਼ ਮੋਰਚਾ ਚੁੱਕਣ ਵੇਲੇ ਉਸ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀ ਗੱਲਬਾਤ ਨਿੱਬਡ਼ ਗਈ ਅਤੇ ਉਸ ਨੇ ਬੇਅਦਬੀ ਦਾ ਇਨਸਾਫ ਕਰਨ ਦਾ ਟੈਲੀਫੋਨ ’ਤੇ ਵਾਅਦਾ ਕੀਤਾ ਹੈ।

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਹੁਣ ਜਥੇ. ਮੰਡ ਨੂੰ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਉਹ ਵਾਅਦੇ ਕਿੱਥੇ ਹਨ ਅਤੇ ਜਿਹਡ਼ੇ ਦੋ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਰਗਾਡ਼ੀ ਇਨਸਾਫ਼ ਮੋਰਚੇ ਦੀ ਸਟੇਜ ’ਤੇ ਆ ਕੇ ਐਲਾਨ ਕਰਕੇ ਗਏ ਸਨ, ਨੂੰ ਐਲਾਨ ਕਿੱਥੇ ਹਨ ਇਹ ਪੁੱਛਣਾ ਚਾਹੀਦਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਸੀਂ ਉਦੋਂ ਵੀ ਜਥੇਦਾਰ ਮੰਡ ਨੂੰ ਕਿਹਾ ਸੀ ਕਿ ਝੂਠੇ ਵਾਅਦਿਆਂ ਵਿਚ ਇਹ ਮੋਰਚਾ ਨਹੀਂ ਚੁੱਕਣਾ ਚਾਹੀਦਾ। ਜਿੰਨਾ ਚਿਰ ਨਤੀਜਾ ਸਾਹਮਣੇ ਨਹੀਂ ਆਉਂਦਾ ਪਰ ਜਿਸ ਤਰ੍ਹਾਂ ਜਥੇਦਾਰ ਮੰਡ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵਿਸ਼ਵਾਸ ਕਰਕੇ ਮੋਰਚਾ ਉਠਾਉਣ ਦਾ ਐਲਾਨ ਕਰ ਦਿੱਤਾ ਸੀ, ਅੱਜ ਜਥੇਦਾਰ ਮੰਡ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਬੂਹੇ ਅੱਗੇ ਜਾ ਕੇ ਧਰਨਾ ਦੇਣਾ ਚਾਹੀਦਾ ਹੈ ਅਤੇ ਇਨਸਾਫ਼ ਦਾ ਕੀ ਬਣਿਆ ਪੁੱਛਣਾ ਚਾਹੀਦਾ ਹੈ?

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਭਾਰਤ ਵਿੱਚ ਮੰਨਿਆ ਜਾਂਦਾ ਹੈ ਕਿ ਸੀ. ਬੀ. ਆਈ. ਕੇਂਦਰ ਦਾ ਤੋਤਾ ਹੈ, ਜਿਵੇਂ ਕੇਂਦਰ ਬੁਲਾਉਣਾ ਚਾਹੁੰਦਾ ਉਸੇ ਤਰ੍ਹਾਂ ਬੋਲਦਾ ਹੈ । ਇਸੇ ਲਈ ਅੱਜ ਡੇਰਾ ਸਿਰਸਾ ਦੇ ਨਾਲ ਭਾਜਪਾ ਦੀ ਹੋ ਰਹੀ ਨੇਡ਼ਤਾ ਦੇ ਕਾਰਨ ਹੀ ਅੱਜ ਉਹਦੇ ਸਾਰੇ ਚੇਲੇ ਜ਼ਮਾਨਤਾਂ ਲੈ ਕੇ ਬਾਹਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਬੇਕਸੂਰ ਸਿੱਧ ਕਰਨ ਲਈ ਵੀ ਕਲੋਜ਼ਰ ਰਿਪੋਰਟਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਅਤੇ ਡੇਰਾ ਸਿਰਸਾ ਨੂੰ ਵੀ ਪੈਰੋਲ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਬੇਅਦਬੀ ਦੇ ਮੁੱਦੇ ’ਤੇ ਕੀਤੀ ਜਾ ਰਹੀ ਰਾਜਨੀਤੀ ਦੇ ਕਾਰਨ ਸਿੱਖਾਂ ਨੂੰ ਫਿਰ ਇਨਸਾਫ ਲੈਣ ਲਈ ਸਡ਼ਕਾਂ ’ਤੇ ਆਉਣਾ ਅਤੇ ਸੰਘਰਸ਼ ਦੇ ਰਾਹ ਪੈਣਾ ਪਵੇਗਾ, ਤਾਂ ਹੀ ਲੱਗਦੈ ਸਰਕਾਰਾਂ ਦੇ ਕੰਨਾਂ ’ਤੇ ਕੋਈ ਜੂੰ ਸਰਕੇਗੀ।


author

DILSHER

Content Editor

Related News