ਕੈਪਟਨ ਦੇ ਵਾਪਸ ਆਉਂਦੇ ਹੀ ''ਮੀ ਟੂ'' ''ਚ ਫਸੇ ਮੰਤਰੀ ਦੀ ਹੋ ਸਕਦੀ ਹੈ ਛੁੱਟੀ

Saturday, Oct 27, 2018 - 03:35 PM (IST)

ਕੈਪਟਨ ਦੇ ਵਾਪਸ ਆਉਂਦੇ ਹੀ ''ਮੀ ਟੂ'' ''ਚ ਫਸੇ ਮੰਤਰੀ ਦੀ ਹੋ ਸਕਦੀ ਹੈ ਛੁੱਟੀ

ਚੰਡੀਗੜ੍ਹ— 'ਮੀ ਟੂ' ਮਾਮਲੇ 'ਚ ਫਸੇ ਪੰਜਾਬ ਸਰਕਾਰ ਦੇ ਮੰਤਰੀ ਦੇ ਭਵਿੱਖ ਦਾ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਜ਼ਰਾਇਲ ਦੌਰੇ ਤੋਂ ਵਾਪਸ ਆਉਣ ਦੇ ਬਾਅਦ ਜਲਦ ਹੋ ਸਕਦਾ ਹੈ। ਖਾਸ ਗੱਲ ਇਹ ਹੈ ਕਿ ਦੋਸ਼ਾਂ 'ਚ ਘਿਰਿਆ ਮੰਤਰੀ ਵੀ ਇਨੀਂ ਦਿਨੀਂ ਵਿਦੇਸ਼ ਦੌਰੇ 'ਤੇ ਹੈ। ਉੱਥੇ ਹੀ ਸ਼ਿਕਾਇਤ ਕਰਤਾ ਮਹਿਲਾ ਅਧਿਕਾਰੀ ਨੇ ਹੁਣ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਿਚਕਾਰ ਰਾਜਨੀਤਕ ਹਲਕਿਆਂ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਾਪਸ ਆਉਂਦੇ ਹੀ ਦੋਸ਼ਾਂ 'ਚ ਘਿਰੇ ਮੰਤਰੀ ਦੀ ਛੁੱਟੀ ਹੋ ਸਕਦੀ ਹੈ।

ਸੂਤਰਾਂ ਮੁਤਾਬਕ, ਮੁੱਖ ਮੰਤਰੀ ਅਤੇ ਦੋਸ਼ਾਂ 'ਚ ਘਿਰੇ ਮੰਤਰੀ ਵਿਚਕਾਰ ਵੱਖ-ਵੱਖ ਮੁੱਦਿਆਂ 'ਤੇ ਵਿਗੜੇ ਸੰਬੰਧਾਂ ਨੂੰ ਲੈ ਕੇ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੀ ਕੁਰਸੀ ਜਾ ਸਕਦੀ ਹੈ। ਇਸ ਦੀ ਵਜ੍ਹਾ ਇਹ ਵੀ ਹੈ ਕਿ ਜਿਸ ਮੰਤਰੀ 'ਤੇ ਦੋਸ਼ ਲੱਗੇ ਹਨ ਹੁਣ ਉਸ ਦੇ ਹਾਈਕਮਾਂਡ ਨਾਲ ਵੀ ਬਹੁਤ ਚੰਗੇ ਸੰਬੰਧ ਨਹੀਂ ਰਹਿ ਗਏ ਹਨ। 
ਉੱਥੇ ਹੀ ਵਿਰੋਧੀ ਦਲਾਂ ਨੇ ਵੀ ਸਰਕਾਰ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ। ਹਾਲਾਂਕਿ ਪੰਜਾਬ ਕਾਂਗਰਸ ਦੀ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਨੇ ਮਹਿਲਾ ਆਈ. ਏ. ਐੱਸ. ਅਧਿਕਾਰੀ ਵੱਲੋਂ ਇਤਰਾਜ਼ਯੋਗ ਮੈਸੇਜ ਭੇਜਣ ਦੇ ਲਾਏ ਗਏ ਦੋਸ਼ਾਂ ਦੇ ਮਾਮਲੇ 'ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਚਾਅ ਕੀਤਾ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਸਿਰਫ ਇਕ ਮੈਸੇਜ ਭੇਜ ਦੇਣਾ 'ਮੀ ਟੂ' ਦਾ ਮਾਮਲਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਕੋਲ ਚੰਨੀ ਖਿਲਾਫ ਹਾਲੇ ਕੋਈ ਸ਼ਿਕਾਇਤ ਵੀ ਨਹੀਂ ਆਈ ਅਤੇ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਜ਼ਰੂਰ ਜਾਂਚ ਹੋਵੇਗੀ।

ਸੁਖਬੀਰ ਬਾਦਲ ਨੇ ਕਾਂਗਰਸ 'ਤੇ ਖੜ੍ਹੇ ਕੀਤੇ ਸਵਾਲ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਦੇ ਮਾਮਲੇ 'ਤੇ ਪਰਦਾ ਪਾਉਣ ਲਈ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਦੀ ਜ਼ਿੰਮੇਵਾਰੀ ਲਾਉਣ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸਖਤ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਪਣੀ ਗਲਤੀ ਦਾ ਇਕਬਾਲ ਕਰ ਚੁੱਕੇ ਚੰਨੀ ਖਿਲਾਫ ਕੋਈ ਸ਼ਿਕਾਇਤ ਨਾ ਮਿਲਣ ਦਾ ਦਾਅਵਾ ਕਰਕੇ ਕਾਂਗਰਸੀ ਲੀਡਰਸ਼ਿਪ ਵੱਲੋਂ ਮੰਤਰੀ ਵਿਰੁੱਧ ਇਕ ਜਿਣਸੀ ਛੇੜਛਾੜ ਦੇ ਮਾਮਲੇ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਕਿਹਾ ਕਿ ਉਹ ਜਵਾਬ ਦੇਣ ਕਿ ਰੇਤ ਮਾਫੀਆ ਨਾਲ ਜੁੜੇ ਹੋਣ ਸਮੇਤ ਹਮੇਸ਼ਾ ਵਿਵਾਦਾਂ ਵਿਚ ਉਲਝੇ ਰਹਿਣ ਵਾਲੇ ਚਰਨਜੀਤ ਚੰਨੀ ਨੂੰ ਬਚਾਉਣ ਪਿੱਛੇ ਉਨ੍ਹਾਂ ਦੀ ਕੀ ਮਜਬੂਰੀ ਹੈ?


Related News