ਨੇਤਰਹੀਣ ਸ਼੍ਰੇਣੀਆਂ ਲਈ ਰਾਖਵੀਆਂ ਮਾਸਟਰ ਕਾਡਰ ਦੀਆਂ ਖਾਲ੍ਹੀ ਪੋਸਟਾਂ ਨੂੰ ਆਰਟਸ ਸਟਰੀਮ ’ਚ ਬਦਲਣ ਦਾ ਫੈਸਲਾ
Friday, Sep 17, 2021 - 05:25 PM (IST)
ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਨੇਤਰਹੀਣ ਸ਼੍ਰੇਣੀ ਦੇ ਉਮੀਦਵਾਰਾਂ ਦੀ ਸਹੂਲਤ ਲਈ ਮਾਸਟਰ ਕੇਡਰ ਦੀਆਂ ਖਾਲ੍ਹੀ ਅਸਾਮੀਆਂ ਦੇ ਵਿਸ਼ਿਆਂ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਨੇਤਰਹੀਣ ਉਮੀਦਵਾਰਾਂ ਦੀ ਸਹੂਲਤ ਲਈ ਸਿੱਖਿਆ ਵਿਭਾਗ ਨੇ ਸਾਇੰਸ ਅਤੇ ਕਾਮਰਸ ਸਟਰੀਮ ਵਿਸ਼ਿਆਂ ਅਤੇ ਸਰੀਰਕ ਸਿੱਖਿਆ ਵਿਸ਼ਿਆਂ ਲਈ ਯੋਗ ਉਮੀਦਵਾਰ ਨਾ ਮਿਲਣ ਕਾਰਨ ਖਾਲ੍ਹੀ ਪਈਆਂ ਅਸਾਮੀਆਂ ਦੇ ਬਦਲੇ ਆਰਟਸ ਸਟਰੀਮ ਦੇ ਵਿਸ਼ਿਆਂ ਦੀਆਂ ਅਸਾਮੀਆਂ ਵਿਚ ਉਹੀ ਕੋਟਾ ਦੇਣ ਦਾ ਫ਼ੈਸਲਾ ਕੀਤਾ ਹੈ।
ਹੋਰ ਜਾਣਕਾਰੀ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਕੁਝ ਵਿਸ਼ੇ ਅਜਿਹੇ ਸਨ ਜਿਨ੍ਹਾਂ ਵਿਚ ਮਾਸਟਰ ਕਾਡਰ ਦੀਆਂ ਅਸਾਮੀਆਂ ਜ਼ਿਆਦਾਤਰ ਮੌਕੇ ਖਾਲ੍ਹੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ਿਆਂ ਵਿਚ ਸਾਇੰਸ, ਗਣਿਤ, ਰਸਾਇਣ ਵਿਗਿਆਨ, ਜੀਵ ਵਿਗਿਆਨ, ਕਾਮਰਸ, ਸਰੀਰਕ ਸਿੱਖਿਆ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਰਕਾਰ ਵੱਲੋਂ ਇਨ੍ਹਾਂ ਵਿਸ਼ਿਆਂ ਦੀਆਂ ਨੇਤਰਹੀਣ ਸ਼੍ਰੇਣੀਆਂ ਦੀਆਂ ਖਾਲ੍ਹੀ ਅਸਾਮੀਆਂ ਨੂੰ ਪੰਜਾਬੀ, ਹਿੰਦੀ, ਸੰਗੀਤ, ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੇ ਵਿਸ਼ਿਆਂ ਵਿਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਸਬੰਧ ਵਿਚ ਲਗਾਤਾਰ ਠੋਸ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਨੇਤਰਹੀਣ ਕੋਟੇ ਦੀਆਂ ਅਸਾਮੀਆਂ ਨੂੰ ਆਰਟਸ ਸਟਰੀਮ ਵਿਸ਼ਿਆਂ ਵਿਚ ਬਦਲਣ ਦੇ ਫ਼ੈਸਲੇ ਨਾਲ ਇਨ੍ਹਾਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਮਾਸਟਰ ਕਾਡਰ ਦੀਆਂ ਅਸਾਮੀਆਂ ਦੀ ਭਰਤੀ ਵਿਚ ਵਧੇਰੇ ਨੌਕਰੀਆਂ ਦਾ ਮੌਕਾ ਮਿਲੇਗਾ ਜੋ ਪਹਿਲਾਂ ਯੋਗ ਉਮੀਦਵਾਰ ਨਾ ਹੋਣ ਕਾਰਨ ਅਜਾਈਂ ਨਿਕਲ ਜਾਂਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸਿੱਖਿਆ ਵਿਭਾਗ ਵੀ ਬਿਨਾਂ ਕਿਸੇ ਰੁਕਾਵਟ ਤੋਂ ਇਨ੍ਹਾਂ ਸ਼੍ਰੇਣੀਆਂ ਲਈ ਰਾਖਵੀਂਆਂ ਅਸਾਮੀਆਂ ਭਰ ਸਕੇਗਾ।