'ਆਪ' ਲਈ ਅੰਮ੍ਰਿਤਸਰ ਤੋਂ ਚੋਣ ਲੜਨਗੇ ਮੰਤਰੀ ਧਾਲੀਵਾਲ, ਵਿਦਿਆਰਥੀ ਲਹਿਰ ਤੋਂ ਆਏ ਸੀ ਸਿਆਸਤ 'ਚ

03/14/2024 4:36:40 PM

ਚੰਡੀਗੜ੍ਹ/ਅੰਮ੍ਰਿਤਸਰ : ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ 8 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ 'ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਅਜਨਾਲਾ ਸੀਟ ਤੋਂ ਚੋਣ ਜਿੱਤੀ ਸੀ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਲਈ ਅਹਿਮ ਖ਼ਬਰ, ਹੁਣ ਮਾਸਿਕ ਧਰਮ ਦੀ ਮਿਲੇਗੀ ਛੁੱਟੀ!

ਪੰਜਾਬ ਕੈਬਨਿਟ 'ਚ ਉਨ੍ਹਾਂ ਕੋਲ ਐੱਨ. ਆਰ. ਆਈ. ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰਾਲੇ ਹਨ। ਕੁਲਦੀਪ ਸਿੰਘ ਧਾਲੀਵਾਲ ਨੇ 10ਵੀਂ ਪਾਸ ਕੀਤੀ ਹੋਈ ਹੈ ਅਤੇ ਉਹ ਪੁਰਾਣੇ ਕਾਂਗਰਸੀ ਪਰਿਵਾਰਾਂ 'ਚੋਂ ਹਨ। ਕੁਲਦੀਪ ਸਿੰਘ ਧਾਲੀਵਾਲ ਦੇ ਭਰਾ ਵੀ ਕਾਂਗਰਸੀ ਸਰਪੰਚ ਰਹਿ ਚੁੱਕੇ ਹਨ।
ਵਿਦਿਆਰਥੀ ਲਹਿਰ ਤੋਂ ਸਿਆਸਤ 'ਚ ਆਏ
ਕੁਲਦੀਪ ਸਿੰਘ ਧਾਲੀਵਾਲ ਵਿਦਿਆਰਥੀ ਲਹਿਰ ਤੋਂ ਸਿਆਸਤ 'ਚ ਆਏ ਸਨ। ਉਹ 1979 'ਚ ਸੀ. ਪੀ. ਆਈ. (ਐੱਮ. ਐੱਲ.) ਨਾਲ ਸਬੰਧਿਤ ਵਿਦਿਆਰਥੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ 'ਚ ਸ਼ਾਮਲ ਹੋਏ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸੂਬਾ ਜਨਰਲ ਸਕੱਤਰ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਦੇ ਵੱਡੇ ਭਰਾ ਹਰਭਜਨ ਸਿੰਘ ਪਿੰਡ ਦੇ ਸਰਪੰਚ ਵੀ ਸਨ। ਇਸ ਮਗਰੋਂ ਧਾਲੀਵਾਲ ਵੀ ਕਾਂਗਰਸ 'ਚ ਸ਼ਾਮਲ ਹੋ ਗਏ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਮੈਂਬਰ ਰਹੇ।

ਇਹ ਵੀ ਪੜ੍ਹੋ : ਖਡੂਰ ਸਾਹਿਬ ਤੋਂ 'ਆਪ' ਨੇ ਖੇਡਿਆ ਮੰਤਰੀ ਭੁੱਲਰ 'ਤੇ ਦਾਅ, ਪੱਟੀ ਹਲਕੇ ਤੋਂ ਪਹਿਲੀ ਵਾਰ ਬਣੇ ਸੀ ਵਿਧਾਇਕ
ਸਾਲ 2003 'ਚ ਗਏ ਸੀ ਅਮਰੀਕਾ
ਕੁਲਦੀਪ ਸਿੰਘ ਧਾਲੀਵਾਲ ਸਾਲ 2003 'ਚ ਅਮਰੀਕਾ ਚਲੇ ਗਏ ਅਤੇ ਓਵਰਸੀਜ਼ ਕਾਂਗਰਸ ਲਈ ਕੰਮ ਕਰਦੇ ਰਹੇ। ਅਮਰੀਕਾ 'ਚ ਉਨ੍ਹਾਂ ਨੇ ਐੱਨ. ਆਰ. ਆਈਜ਼. ਮਾਮਲਿਆਂ 'ਤੇ ਮੈਗਜ਼ੀਨ ਵੀ ਕੱਢਿਆ। ਸਾਲ 2013 'ਚ ਉਹ ਵਾਪਸ ਪੰਜਾਬ ਆ ਗਏ ਅਤੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਸਾਲ 2019 'ਚ ਉਨ੍ਹਾਂ ਨੇ ਪਾਰਟੀ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਲੜੀ ਪਰ ਹਾਰ ਗਏ। ਵਿਧਾਨ ਸਭਾ ਚੋਣਾਂ 2022 ਦੌਰਾਨ ਉਨ੍ਹਾਂ ਨੂੰ ਹਲਕਾ ਅਜਨਾਲਾ ਤੋਂ ਉਮੀਦਵਾਰ ਬਣਾਇਆ ਗਿਆ ਅਤੇ ਉਹ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲ ਨੂੰ ਹਰਾ ਕੇ ਚੋਣਾਂ ਜਿੱਤ ਗਏ। ਹੁਣ ਉਨ੍ਹਾਂ ਨੂੰ ਪਾਰਟੀ ਵਲੋਂ ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News