ਮੰਤਰੀ ਕੁਲਦੀਪ ਧਾਲੀਵਾਲ ਦਾ ਅਹਿਮ ਬਿਆਨ, ਆਬਾਦਕਾਰਾਂ ਨੂੰ ਬਣਾਇਆ ਜਾਵੇਗਾ ਜ਼ਮੀਨਾਂ ਦੇ ਮਾਲਕ

Tuesday, Feb 21, 2023 - 03:43 AM (IST)

ਮੰਤਰੀ ਕੁਲਦੀਪ ਧਾਲੀਵਾਲ ਦਾ ਅਹਿਮ ਬਿਆਨ, ਆਬਾਦਕਾਰਾਂ ਨੂੰ ਬਣਾਇਆ ਜਾਵੇਗਾ ਜ਼ਮੀਨਾਂ ਦੇ ਮਾਲਕ

ਸੁਲਤਾਨਪੁਰ ਲੋਧੀ (ਬਿਊਰੋ) : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਹੈ ਕਿ ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਾਵੇਗਾ। ਉਹ ਅੱਜ ਇੱਥੇ ਪਿੰਡ ਫਤਿਹਵਾਲ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬਣਾਏ ਗਏ ਪੁਲ ਦਾ ਉਦਘਾਟਨ ਕਰਨ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਸਰਕਾਰੀ ਜ਼ਮੀਨ ’ਤੇ ਇਕ ਲੱਖ ਵੀਹ ਹਜ਼ਾਰ ਏਕੜ ’ਤੇ ਨਾਜਾਇਜ਼ ਕਬਜ਼ੇ ਹੋਏ ਹਨ, ਜਿਨ੍ਹਾਂ ’ਚੋਂ 10 ਹਜ਼ਾਰ ਏਕੜ ਤੋਂ ਕਬਜ਼ੇ ਹਟਾਏ ਗਏ ਹਨ। ਇਸੇ ਦੌਰਾਨ ਸੰਤ ਸੀਚੇਵਾਲ ਵੱਲੋਂ ਗਊਸ਼ਾਲਾ ਬਾਰੇ ਉੱਠ ਰਹੇ ਵਿਵਾਦਾਂ ’ਤੇ ਵਿਰਾਮ ਲਗਾਉਂਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿਚ ਲੋਕਾਂ ਦੇ ਸਹਿਯੋਗ ਨਾਲ ਮੰਡ ਏਰੀਏ ਚਲਾਈ ਜਾ ਰਹੀ ਗਊਸ਼ਾਲਾ ਨੂੰ ਪੰਜਾਬ ਸਰਕਾਰ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਚੈਲੰਜ ਕਰਨ ਵਾਲੇ ਪੁਲਸ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

PunjabKesari

ਸੰਤ ਸੀਚੇਵਾਲ ਨੇ ਕਿਹਾ ਕਿ ਉਹ ਪਿਛਲੇ 13 ਸਾਲਾਂ ਤੋਂ ਆਵਾਰਾ ਤੇ ਬੇਸਹਾਰਾ ਗਊਆਂ ਨੂੰ ਸੰਭਾਲਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਵਤਾਰ ਗਊਸ਼ਾਲਾ ਬਣਾਉਣ ਪਿੱਛੇ ਉਨ੍ਹਾਂ ਦਾ ਮਕਸਦ ਸੁਲਤਾਨਪੁਰ ਕਸਬੇ ਤੇ ਆਲੇ-ਦੁਆਲੇ ਹਾਦਸਿਆਂ ਦਾ ਕਾਰਨ ਬਣਦੇ ਆ ਰਹੇ ਆਵਾਰਾ ਪਸ਼ੂਆਂ ਤੋਂ ਮੁਕਤ ਕਰਵਾੳੇਣਾ ਸੀ। ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਹੀ ਸੜਕਾਂ ’ਤੇ ਹਾਦਸੇ ਵਾਪਰ ਰਹੇ ਸਨ ਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸਨ। ਇਲਾਕੇ ਦੇ ਲੋਕਾਂ ਤੇ ਮੰਡ ਇਲਾਕੇ ਦੇ ਕਿਸਾਨਾਂ ਦੇ ਕਿਸਾਨਾਂ ਦੀ ਮੰਗ ਸੀ, ਜਿਸ ਲਈ ਇਨ੍ਹਾਂ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਇਹ ਗਊਸ਼ਾਲਾ ਬਣਾਈ ਗਈ। ਇਸ ਗਊਸ਼ਾਲਾ ਲਈ ਕਿਸਾਨਾਂ ਵੱਲੋਂ ਆਰਥਿਕ ਸਹਾਇਤ ਵੀ ਕੀਤੀ ਗਈ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਗਊਸ਼ਾਲਾ ਵਿਚ ਉਨ੍ਹਾਂ ਲੋਕਾਂ ਵੱਲੋਂ ਛੱਡੀਆਂ ਗਾਵਾਂ ਹਨ, ਜੋ ਜਦੋਂ ਤੱਕ ਗਾਂ ਦੁੱਧ ਦਿੰਦੀ ਹੈ, ਉਦੋਂ ਤੱਕ ਤਾਂ ਉਸ ਦੀ ਖੂਬ ਸੇਵਾ ਕਰਦੇ ਹਨ ਪਰ ਜਦੋਂ ਉਹ ਦੁੱਧ ਦੇਣ ਤੋਂ ਹਟ ਜਾਂਦੀ ਹੈ ਤਾਂ ਫਿਰ ਉਸ ਨੂੰ ਉਹੀ ਲੋਕ ਸੜਕਾਂ 'ਤੇ ਛੱਡ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ਵਿਚ ਸਿਹਤ ਸੰਬੰਧੀ ਲਈ ਵੀ ਡਾਕਟਰਾਂ ਵੱਲੋਂ ਸਮੇਂ ਸਿਰ ਦੇਖ-ਭਾਲ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਏ ਸੇਵਾ-ਮੁਕਤ, ਨਗਰ ਕੌਂਸਲ ਤੋਂ ਕੀਤੀ ਸੀ ਮੰਗ

PunjabKesari

ਇਸ ਮੌਕੇ ਅਵਤਾਰ ਗਊਸ਼ਾਲਾ ਦਾ ਦੌਰਾ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਧਾਲੀਵਾਲ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਾਰੇ ਕੰਮ ਸਰਕਾਰਾਂ ਕਰਨ ਦੇ ਸਮਰੱਥ ਨਹੀਂ ਹੁੰਦੀਆਂ ਸਗੋਂ ਲੋਕਾਂ ਦੇ ਸਹਿਯੋਗ ਨਾਲ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਪਿੰਡ ਫਤਿਹਵਾਲ ਵਿਖੇ ਗਊਸ਼ਾਲਾ ਬਣਨ ਨਾਲ ਇਹ ਇਲਾਕੇ ਦੇਖਣਯੋਗ ਬਣ ਗਿਆ ਹੈ। ਉਨ੍ਹਾਂ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਪੰਜਾਬ ਦੀ ਕੀਤੀ ਜਾ ਰਹੀ ਸੇਵਾ ਦਾ ਜ਼ਿਕਰ ਕਰਦਿਆ ਕਿਹਾ ਕਿ ਇਹ ਸੇਵਾ ਸਮਾਜ ਦੀ ਰੀੜ੍ਹ ਦੀ ਹੱਡੀ ਹੈ, ਜਿਹੜੀ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾ ਰਹੀ ਹੈ। ਪਵਿੱਤਰ ਕਾਲੀ ਵੇਈਂ ਤੇ ਪਿੰਡ ਫਤਿਹਵਾਲ ਮੰਡ ਇਲਾਕੇ ’ਚ ਬਣਨ ਵਾਲੇ ਪੁਲ ਨਾਲ 17 ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਕਿਸਮਤ ਤੇ ਤਕਦੀਰ ਬਦਲ ਜਾਵੇਗੀ। ਲਗਭਗ 142 ਫੁੱਟ ਲੰਬਾ, 9 ਫੁੱਟ ਉੱਚੇ ਅਤੇ 6 ਫੁੱਟ ਦੇ ਕਰੀਬ ਚੌੜੇ ਇਸ ਪੁਲ ਨਾਲ ਸਫ਼ਰ 19 ਕਿਲੋਮੀਟਰ ਤੋਂ ਘਟ ਕੇ 5 ਕਿਲੋਮੀਟਰ ਰਹਿ ਜਾਵੇਗਾ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੂਟਾ ਵੀ ਲਗਾਇਆ ਗਿਆ। ਉਪਰੰਤ ਸੰਤ ਸੀਚੇਵਾਲ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਸਨਮਾਨ ਕੀਤਾ ਗਿਆ।


author

Manoj

Content Editor

Related News