ਕਿਸਾਨਾਂ ਦੇ ਵਿਰੋਧ ਕਾਰਨ ਰਸਤੇ ’ਚੋਂ ਮੁੜੇ ਮੰਤਰੀ ਆਸ਼ੂ ਅਤੇ ਸੁੱਖ ਸਰਕਾਰੀਆ, ਵਿਧਾਇਕਾਂ ਨਾਲ ਕੀਤਾ ਪ੍ਰਾਜੈਕਟ ਦਾ ਉਦਘਾਟਨ
Monday, Aug 23, 2021 - 06:53 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਦਾ ਲੈਵਲ ਡਾਊਨ ਕਰਨ ਲਈ ਬਣਾਏ ਗਏ ਨੀਲੋਂ ਨਹਿਰ ’ਚੋਂ 200 ਕਿਊਸਿਕ ਪਾਣੀ ਛੱਡਣ ਦੇ ਪ੍ਰਾਜੈਕਟ ਦਾ ਉਦਘਾਟਨੀ ਸਮਾਰੋਹ ਕਿਸਾਨਾਂ ਦੇ ਵਿਰੋਧ ਦੀ ਭੇਟ ਚੜ੍ਹ ਗਿਆ। ਜਿਸ ਦੇ ਅਧੀਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸੁੱਖ ਸਰਕਾਰੀਆ ਰਸਤੇ ’ਚੋਂ ਵਾਪਸ ਮੁੜ ਗਏ ਅਤੇ ਉਨ੍ਹਾਂ ਦੀ ਜਗ੍ਹਾ ਮੇਅਰ ਬਲਕਾਰ ਸੰਧੂ ਨੇ ਵਿਧਾਇਕਾਂ ਅਮਰੀਕ ਢਿੱਲੋਂ, ਲਖਬੀਰ ਸਿੰਘ ਪਾਇਲ ਨਾਲ ਉਦਘਾਟਨ ਕੀਤਾ। ਜਾਣਕਾਰੀ ਮੁਤਾਬਕ ਮੰਤਰੀਆਂ ਦੇ ਆਉਣ ਦੀ ਸੂਚਨਾ ਮਿਲਣ ’ਤੇ ਵੱਡੀ ਗਿਣਤੀ ’ਚ ਕਿਸਾਨ ਉੱਥੇ ਇਕੱਠੇ ਹੋ ਗਏ ਸਨ, ਉਨ੍ਹਾਂ ਨੂੰ ਸ਼ਾਂਤ ਕਰਨ ਦੀ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਭਾਰੀ ਬਾਰਿਸ਼ ਦੇ ਬਾਵਜੂਦ ਕਿਸਾਨ ਡਟੇ ਰਹੇ ਤਾਂ ਅਫਸਰਾਂ ਨੇ ਸਰਕਟ ਹਾਊਸ ਤੋਂ ਵਾਪਸ ਨਿਕਲ ਚੁੱਕੇ ਮੰਤਰੀਆਂ ਨੂੰ ਰਸਤੇ ’ਚੋਂ ਹੀ ਵਾਪਸ ਭੇਜ ਦਿੱਤਾ। ਇਸ ’ਤੇ ਉਥੇ ਆਏ ਮੇਅਰ ਅਤੇ ਵਿਧਾਇਕਾਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਉਨ੍ਹਾਂ ਨੇ ਪੁਲਸ ਦੇ ਸਾਏ ਵਿਚ ਪ੍ਰਾਜੈਕਟ ਦਾ ਉਦਘਾਟਨ ਕਰ ਦਿੱਤਾ। ਮੇਅਰ ਦੀ ਮੰਨੀਏ ਤਾਂ ਜਲੰਧਰ ਨੇੜੇ ਕਿਸਾਨਾਂ ਵੱਲੋਂ ਰਸਤਾ ਬੰਦ ਕਰਨ ਦੀ ਵਜ੍ਹਾ ਨਾਲ ਲੱਗੇ ਟਰੈਫਿਕ ਜਾਮ ਕਾਰਨ ਮੰਤਰੀ ਸੁੱਖ ਸਰਕਾਰੀਆ ਨਹੀਂ ਪੁੱਜ ਸਕੇ ਅਤੇ ਆਸ਼ੂ ਨੇ ਕਿਸੇ ਹੋਰ ਕੰਮ ਦੀ ਵਜ੍ਹਾ ਨਾਲ ਸਵੇਰੇ ਹੀ ਉਨ੍ਹਾਂ ਨੂੰ ਉਦਘਾਟਨ ’ਤੇ ਜਾਣ ਲਈ ਬੋਲ ਦਿੱਤਾ ਸੀ।
ਇਹ ਵੀ ਪੜ੍ਹੋ : ਜੇਲ੍ਹ ’ਚ ਬੰਦ ਭਰਾਵਾਂ ਦੇ ਗੁੱਟ ’ਤੇ ਨਹੀਂ ਬੰਨ੍ਹ ਸਕੀਆਂ ਭੈਣਾਂ ਆਪਣੇ ਹੱਥਾਂ ਨਾਲ ਰੱਖੜੀ
ਫਿਲਹਾਲ 50 ਕਿਊਸਿਕ ਪਾਣੀ ਨਾਲ ਹੋਵੇਗਾ ਟਰਾਇਲ
ਭਾਵੇਂ ਇਸ ਪ੍ਰਾਜੈਕਟ ਦੇ ਅਧੀਨ 200 ਕਿਊਸਿਕ ਪਾਣੀ ਛੱਡਣ ਦੀ ਗੱਲ ਕਹੀ ਜਾ ਰਹੀ ਹੈ ਪਰ ਫਿਲਹਾਲ 50 ਕਿਊਸਿਕ ਪਾਣੀ ਨਾਲ ਟਰਾਇਲ ਹੋਵੇਗਾ, ਜਿਸ ਨਾਲ ਬਾਰਿਸ਼ ਦੌਰਾਨ ਬੁੱਢੇ ਨਾਲੇ ਦੇ ਓਵਰਫਲੋ ਹੋਣ ਦੇ ਖਤਰੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਅਫਸਰਾਂ ਦਾ ਕਹਿਣਾ ਹੈ ਕਿ ਪਾਣੀ ਛੱਡਣ ਤੋਂ ਬਾਅਦ ਬੁੱਢੇ ਨਾਲੇ ’ਚ ਪਹਿਲਾਂ ਅਤੇ ਹੁਣ ਪ੍ਰਦੂਸ਼ਣ ਦਾ ਲੈਵਲ ਚੈੱਕ ਕੀਤਾ ਜਾਵੇਗਾ। ਇਸ ਦੇ ਆਧਾਰ ’ਤੇ ਬਾਕੀ ਪਾਣੀ ਛੱਡਣ ਦਾ ਫੈਸਲਾ ਕੀਤਾ ਜਾਵੇਗਾ।
ਪ੍ਰਾਜੈਕਟ ’ਤੇ ਇਕ ਨਜ਼ਰ
- 9.8 ਕਰੋੜ ਦੀ ਆਈ ਲਾਗਤ
-ਨਗਰ ਨਿਗਮ ਅਤੇ ਪੀ. ਪੀ. ਸੀ. ਬੀ. ਨੇ ਦਿੱਤਾ ਹੈ ਫੰਡ
-ਸਿੰਚਾਈ ਵਿਭਾਗ ਨੇ ਕੀਤਾ ਹੈ ਨਿਰਮਾਣ
-8 ਮਹੀਨਿਆਂ ’ਚ ਪੂਰਾ ਹੋਇਆ ਕੰਮ
-ਰਸਤੇ ’ਚ ਪਿੰਡ ਦੀਆਂ ਸੜਕਾਂ ਨੂੰ ਕ੍ਰਾਸ ਕਰਨ ਲਈ ਬਣਏ ਗਏ ਹਨ 4 ਪੁਲ
ਇਹ ਵੀ ਪੜ੍ਹੋ : ਬੇਕਾਬੂ ਕਾਰ ਨੇ ਸਕੂਟਰ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਪਿਤਾ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ