ਮੰਤਰੀ ਹਰਜੋਤ ਬੈਂਸ ਦੀ ਵੱਡੀ ਕਾਰਵਾਈ, ਰੂਪਨਗਰ ਦਾ ਖਣਨ ਐਕਸੀਅਨ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ

Tuesday, Aug 09, 2022 - 02:47 PM (IST)

ਮੰਤਰੀ ਹਰਜੋਤ ਬੈਂਸ ਦੀ ਵੱਡੀ ਕਾਰਵਾਈ, ਰੂਪਨਗਰ ਦਾ ਖਣਨ ਐਕਸੀਅਨ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਅਖ਼ਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ ਕਰਨ ਦੇ ਦੋਸ਼ਾਂ ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਈਨਿੰਗ ਅਤੇ ਭੂ ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੁਨੀਤ ਸ਼ਰਮਾ ਖ਼ਿਲਾਫ਼ ਉਸ ਦੇ ਅਧੀਨ ਆਉਂਦੇ ਖੇਤਰ ਵਿਚ ਲਗਾਤਾਰ ਗ਼ੈਰ-ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਅਤੇ ਰਿਪੋਰਟਾਂ ਮਿਲ ਰਹੀਆਂ ਸਨ। ਜਿਸ ਨੂੰ ਦੇਖਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਬਰਸਾਤੀ ਮੌਸਮ ਵਿਚ ਮਾਈਨਿੰਗ ਕਰਨ ਦੀ ਮਨਾਹੀ ਦੇ ਬਾਵਜੂਦ ਰੂਪਨਗਰ ਜ਼ਿਲ੍ਹੇ ਦੇ ਖੇੜਾ ਕਲਮੋਟ ਅਤੇ ਹੋਰ ਖੇਤਰਾਂ ਵਿਚ ਰਾਤ ਦੇ ਸਮੇਂ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲੀਆਂ ਸਨ। 

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਮੰਤਰੀ ਜੌੜਾਮਾਜਰਾ, ਹੁਣ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਭੇਜੇ ਨਵੇਂ ਗੱਦੇ

ਪੁਨੀਤ ਸ਼ਰਮਾ ਕਾਰਜਕਾਰੀ ਇੰਜੀਨੀਅਰ , ਜਲ ਨਿਕਾਸ ਅਤੇ ਮਾਈਨਿੰਗ ਮੰਡਲ ਰੂਪਨਗਰ ਨੇ ਆਪਣੀ ਡਿਊਟੀ ਦੌਰਾਨ ਜ਼ਿਲ੍ਹੇ ਵਿੱਚ ਪੈਂਦੇ ਛੋਟੇ ਸਾਇਜ਼ ਵਾਲੇ ਕੰਡਿਆਂ, ਜੋ ਕਿ ਸਾਰੇ ਵਾਹਨਾਂ ਲਈ ਦਰੁਸਤ ਨਹੀਂ ਸੀ, ਨੂੰ ਸਮੇਂ ਸਿਰ ਨੋਟਿਸ ਨਹੀਂ ਭੇਜੇ ਗਏ।  ਉਨ੍ਹਾਂ ਦੱਸਿਆ ਕਿ ਅਧਿਕਾਰੀ ਵੱਲੋਂ ਰੂਪਨਗਰ ਜ਼ਿਲ੍ਹੇ ਵਿਚ ਪ੍ਰਤੀ ਦਿਨ ਕੀਤੀ ਜਾਣ ਵਾਲੀ ਜਾਇਜ਼ ਮਾਈਨਿੰਗ ਦੇ ਟੀਚੇ ਨੂੰ ਪੂਰਾ ਕਰਨ ਲਈ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਰਕਾਰ ਦਾ ਵਿੱਤੀ ਨੁਕਸਾਨ ਹੋਇਆ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।ਮੰਤਰੀ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਕਿਸੇ ਨੂੰ ਵੀ ਗ਼ੈਰ-ਕਾਨੂੰਨੀ ਮਾਈਨਿੰਗ ਨਹੀਂ ਕਰਨ ਦੇਵੇਗੀ ਅਤੇ ਜਿਹੜਾ ਵੀ ਅਧਿਕਾਰੀ ਮਾਈਨਿੰਗ ਨਾਲ ਸਬੰਧਤ ਗ਼ਲਤ ਕਾਰਵਾਈ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਤਾੜਨਾ ਕਰਦਿਆਂ ਕਿਹਾ ਕਿਸੇ ਵੀ ਕਿਸਮ ਦੀ ਅਣਗਹਿਲੀ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News