ਮਾਈਨਿੰਗ ਮਾਫੀਆ ਖਿਲਾਫ਼ 6 ਜ਼ਿਲਿਆਂ ’ਚ ਪੁਲਸ ਆਪ੍ਰੇਸ਼ਨ, 9 ਗ੍ਰਿਫਤਾਰ, 18 ਮਸ਼ੀਨਾਂ ਜ਼ਬਤ
Monday, Mar 16, 2020 - 09:51 AM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) - ਮੁੱਖ ਮੰਤਰੀ ਦੇ ਹੁਕਮਾਂ ’ਤੇ ਪੰਜਾਬ ਪੁਲਸ ਨੇ 6 ਜ਼ਿਲਿਆਂ ’ਚ ਰੇਤ ਦੀ ਗ਼ੈਰ-ਕਾਨੂੰਨੀ ਖੋਦਾਈ ਖਿਲਾਫ਼ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਦੇ ਤਹਿਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 18 ਖੋਦਾਈ ਕਰਨ ਵਾਲੀਆਂ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ ਇਹ ਵਿਸ਼ੇਸ਼ ਪੁਲਸ ਆਪ੍ਰੇਸ਼ਨ ਰੋਪੜ, ਹੁਸ਼ਿਆਰਪੁਰ, ਜਲੰਧਰ ਸਿਟੀ, ਜਲੰਧਰ ਦਿਹਾਤੀ, ਮੋਗਾ ਅਤੇ ਫਾਜ਼ਿਲਕਾ ’ਚ ਚਲਾਇਆ ਗਿਆ, ਜਿੱਥੇ ਜ਼ਬਤ ਕੀਤੇ ਸਾਮਾਨ ’ਚ ਜੇ. ਸੀ. ਬੀ., ਟਰੈਕਟਰ-ਟਰਾਲੀਆਂ ਅਤੇ ਟਿੱਪਰ ਵੀ ਸ਼ਾਮਲ ਹਨ। ਡੀ. ਜੀ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 9 ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਮੁੱਖ ਮੰਤਰੀ, ਜਿਨ੍ਹਾਂ ਕੋਲ ਇਹ ਰਿਪੋਰਟਾਂ ਅਤੇ ਸ਼ਿਕਾਇਤਾਂ ਪਹੁੰਚੀਆਂ ਹਨ ਕਿ ਰਾਤ ਦੇ ਸਮੇਂ ਰੇਤ ਦੀ ਨਾਜਾਇਜ਼ ਖੋਦਾਈ ਹੁੰਦੀ ਹੈ, ਦੀਆਂ ਹਦਾਇਤਾਂ ’ਤੇ ਅਜਿਹੇ ਛਾਪੇ ਰੋਜ਼ਾਨਾ ਮਾਰੇ ਜਾਣਗੇ। ਮਾਈਨਿੰਗ ਵਿਭਾਗ ਦੇ ਅਫ਼ਸਰਾਂ ਨੂੰ ਨਾਲ ਲੈ ਕੇ ਸਬੰਧਤ ਜ਼ਿਲਿਆਂ ’ਚ ਰਾਤ ਸਮੇਂ ਹੁੰਦੀ ਖੋਦਾਈ ਨੂੰ ਰੋਕਣ ਲਈ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਨਾਲ ਡਿਪਟੀ ਕਮਿਸ਼ਨਰ ਵਲੋਂ ਤਾਇਨਾਤ ਕੀਤੇ ਸਿਵਲ ਅਧਿਕਾਰੀ ਵੀ ਆਪ੍ਰੇਸ਼ਨ ’ਚ ਨਾਲ ਹੋਣਗੇ।
ਡੀ. ਜੀ. ਪੀ. ਨੇ ਵੇਰਵਾ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਹੋਏ ਆਪ੍ਰੇਸ਼ਨ ’ਚ ਰੋਪੜ ’ਚ ਜਿੱਥੇ ਮੀਂਹ ਕਾਰਣ ਰੁਕਾਵਟ ਪਈ ਸੀ, ਛਾਪਾਮਾਰ ਟੀਮ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਦਿਆਂ ਮਸ਼ੀਨਰੀ ਦੇ ਦੋ ਸੈੱਟ ਜ਼ਬਤ ਕੀਤੇ। ਮੋਗਾ ’ਚ ਦੋ ਵਿਅਕਤੀਆਂ ਨੂੰ ਦੋ ਟਰੈਕਟਰ-ਟਰਾਲੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਪੁਲਸ ਥਾਣਾ ਸਿਟੀ ਮੋਗਾ ’ਚ 58 ਨੰਬਰ ਐੱਫ. ਆਈ. ਆਰ. ਦਰਜ ਕੀਤੀ। ਇਸ ਦੇ ਨਾਲ ਹੀ ਮਾਲਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਡੀ. ਜੀ. ਪੀ. ਅਨੁਸਾਰ ਹਾਲਾਂਕਿ ਇਸ ਖੇਤਰ ’ਚ ਖੋਦਾਈ ਨਹੀਂ ਹੋਣੀ ਚਾਹੀਦੀ ਸੀ ਪਰ ਪੁਲਸ ਥਾਣਾ ਸਦਰ ਫਾਜ਼ਿਲਕਾ ਦੇ ਡਿਊਟੀ ਅਫ਼ਸਰ ਨੂੰ ਪਤਾ ਲੱਗਾ ਕਿ ਕੱਲ ਦਿਨ ਦੀ ਸ਼ੁਰੂਆਤ ਦੇ ਸਮੇਂ ’ਤੇ ਗ਼ੈਰ-ਕਾਨੂੰਨੀ ਖੋਦਾਈ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ, ਜਿਸ ਮਗਰੋਂ ਮਾਈਨਿੰਗ ਐਂਡ ਮਿਨਰਲਜ਼ ਐਕਟ, 1957 ਅਨੁਸਾਰ ਐੱਫ਼. ਆਈ. ਆਰ. (ਨੰਬਰ 71, ਤਾਰੀਕ 14 ਮਾਰਚ, 2020) ਦਰਜ ਕਰ ਲਈ ਗਈ ਹੈ। ਛਾਪੇਮਾਰੀ ਦੌਰਾਨ 8 ਟਰੈਕਟਰ-ਟਰਾਲੀਆਂ ਜ਼ਬਤ ਕੀਤੀਆਂ ਗਈਆਂ।
ਪੜ੍ਹੋ ਇਹ ਖਬਰ ਵੀ - ਮਾਈਨਿੰਗ ਮਾਫੀਆ ਨੇ ਰਾਵੀ ਦਰਿਆ 'ਚ ਫਿਰ ਬਣਾਇਆ ਨਾਜਾਇਜ਼ ਪੁਲ
ਜਾਣਕਾਰੀ ਅਨੁਸਾਰ ਬੀਤੀ ਰਾਤ ਹੁਸ਼ਿਆਰਪੁਰ ’ਚ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੰਪਲਾਂਟ ਸਮੇਤ ਟਰੈਕਟਰ-ਟਰਾਲੀਆਂ ਜ਼ਬਤ ਕੀਤੀਆਂ ਗਈਆਂ। ਇਸ ਸਬੰਧੀ ਮਾਈਨਿੰਗ ਐਂਡ ਮਿਨਰਲਜ਼ ਐਕਟ ਅਨੁਸਾਰ ਪੁਲਸ ਥਾਣਾ ਹਰਿਆਣਾ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਗੁਪਤਾ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ’ਚ ਇਕ ਕਿਸਾਨ ਵਿਰੁੱਧ ਆਪਣੇ ਹੀ ਖੇਤਾਂ ’ਚ ਨਾਜਾਇਜ਼ ਖੋਦਾਈ ਕਰਨ ਦਾ ਕੇਸ ਦਰਜ ਕੀਤਾ ਗਿਆ ਅਤੇ ਇਕ ਜੇ. ਸੀ. ਬੀ. ਨੂੰ ਕਬਜ਼ੇ ’ਚ ਲੈ ਲਿਆ ਗਿਆ ਸੀ। 6ਵੀਂ ਰੇਡ ਦੌਰਾਨ ਜਲੰਧਰ ਦਿਹਾਤੀ ’ਚ 4 ਕੇਸ ਦਰਜ ਕੀਤੇ ਗਏ ਅਤੇ ਰਾਤ ਦੇ ਸਮੇਂ ਖੋਦਾਈ ਦੀ ਕਾਰਵਾਈ ’ਚ ਸ਼ਾਮਲ ਹੋਣ ਕਾਰਣ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ 3 ਟਿੱਪਰ ਅਤੇ 1 ਟਰੈਕਟਰ-ਟਰਾਲੀ ਜ਼ਬਤ ਕੀਤੇ ਗਏ ਸਨ।
ਇਸ ਦੌਰਾਨ ਰਾਜ ’ਚ ਗ਼ੈਰ-ਕਾਨੂੰਨੀ ਖੋਦਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਰੇਤ ਖੋਦਾਈ ਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਜਿਨ੍ਹਾਂ ਜ਼ਿਲਿਆਂ ’ਚ ਖਾਸ ਕਰ ਹਨੇਰੇ ਦੀ ਆੜ ’ਚ ਇਹ ਖੋਦਾਈ ਹੋ ਰਹੀ ਹੈ, ਉਨ੍ਹਾਂ ਜ਼ਿਲਿਆਂ ਦੇ ਉੱਚ ਅਧਿਕਾਰੀਆਂ ਨੂੰ ਕਿਸੇ ਵੀ ਸ਼ਿਕਾਇਤ ’ਤੇ ਤੁਰੰਤ ਜਾਂਚ ਕਰ ਕਾਰਵਾਈ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਡੀ. ਜੀ. ਪੀ. ਨੇ ਕਿਹਾ ਕਿ ਮਾਈਨਿੰਗ ਸਬੰਧੀ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਗ਼ੈਰ-ਕਾਨੂੰਨੀ ਗਤੀਵਿਧੀ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ।
ਪੜ੍ਹੋ ਇਹ ਖਬਰ ਵੀ - ਮਾਈਨਿੰਗ ਮਾਫੀਆ ਵਲੋਂ ਘੱਗਰ ਦੇ ਕੁਦਰਤੀ ਵਹਾਅ ਨਾਲ ਛੇੜਛਾੜ
ਮੁੱਖ ਮੰਤਰੀ ਨੇ ਖੁਦ ਦੇਖੀ ਸੀ ਸਤਲੁਜ ’ਚ ਗ਼ੈਰ-ਕਾਨੂੰਨੀ ਰੇਤ ਖੋਦਾਈ ਹੁੰਦੀ
ਕਰੀਬ ਸਾਲ ਭਰ ਪਹਿਲਾਂ 6 ਮਾਰਚ, 2018 ਨੂੰ ਕਰਤਾਰਪੁਰ ਲਈ ਹਵਾਈ ਯਾਤਰਾ ’ਤੇ ਨਿਕਲੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਸਤਲੁਜ ਨਦੀ ’ਚ ਮਸ਼ੀਨਾਂ ਰਾਹੀਂ ਗ਼ੈਰ-ਕਾਨੂੰਨੀ ਰੇਤ ਖੋਦਾਈ ਹੁੰਦੀ ਦਿਖਾਈ ਦਿੱਤੀ ਸੀ। ਮੁੱਖ ਮੰਤਰੀ ਦੇ ਨਾਲ ਅਧਿਕਾਰੀਆਂ ਨੇ ਹਵਾਈ ਜਹਾਜ਼ ਤੋਂ ਹੀ ਤਸਵੀਰਾਂ ਖਿੱਚੀਆਂ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕੀਤਾ। ਦੱਸਿਆ ਗਿਆ ਕਿ ਫਿਲੌਰ ਅਤੇ ਨਵਾਂਸ਼ਹਿਰ ’ਚ ਸਤਲੁਜ ਨਦੀ ਦੇ ਕਿਨਾਰਿਆਂ ’ਤੇ ਜੇ. ਸੀ. ਬੀ. ਮਸ਼ੀਨ ਨਾਲ ਗ਼ੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਮੁੱਖ ਮੰਤਰੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਸਬੰਧਤ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੂੰ ਹੁਕਮ ਦਿੱਤੇ ਹਨ ਕਿ ਮਸ਼ੀਨਾਂ ਨੂੰ ਜ਼ਬਤ ਕੀਤਾ ਜਾਵੇ ਅਤੇ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ। ਇਸ ਤੋਂ ਬਾਅਦ 8 ਮਾਰਚ, 2018 ਨੂੰ ਮੁੱਖ ਮੰਤਰੀ ਨੇ ਰੇਤ ਖੋਦਾਈ ਵਾਲੇ 14 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਮੀਟਿੰਗ ਲਈ ਬੁਲਾਇਆ, ਜਿਸ ’ਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ’ਚ ਸਿਆਸੀ ਦਖਲ-ਅੰਦਾਜ਼ੀ ਕਦੇ ਵੀ ਬਰਦਾਸ਼ਤ ਨਾ ਕੀਤੀ ਜਾਵੇ। ਹਾਲਾਂਕਿ ਡੇਰਾਬੱਸੀ, ਜ਼ੀਰਕਪੁਰ ’ਚ ਵਿਰੋਧੀ ਦਲ ਦੇ ਨੇਤਾ ਲਗਾਤਾਰ ਦੋਸ਼ ਲਾਉਂਦੇ ਰਹੇ ਹਨ ਕਿ ਸਰਕਾਰ ਦੀ ਹਿਫਾਜ਼ਤ ਤਹਿਤ ਪੂਰੇ ਇਲਾਕੇ ’ਚ ਗ਼ੈਰ-ਕਾਨੂੰਨੀ ਖਨਨ ਮਾਫੀਆ ਦਾ ਬੋਲਬਾਲਾ ਹੈ ਅਤੇ ਸ਼ਰੇਆਮ ਗੁੰਡਾ ਟੈਕਸ ਦੀ ਵਸੂਲੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਖਬਰ ਵੀ - ਮਾਈਨਿੰਗ ਮਾਫੀਆ 'ਤੇ ਪ੍ਰਸ਼ਾਸਨ ਦਾ ਚੱਲਿਆ ਡੰਡਾ