ਮਾਈਨਿੰਗ ਵਿਭਾਗ ਦੀ ਟੀਮ ’ਤੇ ਕਾਤਲਾਨਾ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ

Saturday, Aug 31, 2019 - 12:43 AM (IST)

ਮਾਈਨਿੰਗ ਵਿਭਾਗ ਦੀ ਟੀਮ ’ਤੇ ਕਾਤਲਾਨਾ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ

ਲੁਧਿਆਣਾ, (ਅਨਿਲ)-ਥਾਣਾ ਲਾਡੋਵਾਲ ਦੀ ਪੁਲਸ ਨੇ ਅੱਜ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 23 ਦਿਨ ਪਹਿਲਾਂ ਮਾਈਨਿੰਗ ਵਿਭਾਗ ਦੀ ਟੀਮ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ 7 ਅਗਸਤ ਨੂੰ ਮਾਈਨਿੰਗ ਵਿਭਾਗ ਦੇ ਅਧਿਕਾਰੀ ਬਲਵਿੰਦਰ ਸਿੰਘ ਦੀ ਟੀਮ ਨੇ ਪਿੰਡ ਰਸੂਲਪੁਰ ਪੱਤੀ ਨੂਰਪੁਰ ਬੇਟ ’ਚ ਨਾਜਾਇਜ਼ ਰੇਤ ਦੇ ਚੱਲ ਰਹੇ ਕਾਰੋਬਾਰ ’ਤੇ ਛਾਪਾਮਾਰੀ ਕੀਤੀ ਸੀ। ਇਥੇ ਮੌਕੇ ’ਤੇ ਨਾਜਾਇਜ਼ ਰੇਤ ਨਾਲ ਭਰੇ ਵਾਹਨ ਅਤੇ ਮਸ਼ੀਨਾਂ ਜ਼ਬਤ ਕੀਤੀਆਂ। ਇਸ ਤੋਂ ਬਾਅਦ ਮੌਕੇ ’ਤੇ ਨਾਜਾਇਜ਼ ਰੇਤ ਦਾ ਕਾਰੋਬਾਰ ਕਰਨ ਵਾਲਾ ਸ਼ਾਮ ਸਿੰਘ ਦੌਧਰੀਆ ਆਪਣੇ ਦਰਜਨਾਂ ਸਾਥੀਆਂ ਦੇ ਨਾਲ ਹਥਿਆਰ ਲੈ ਕੇ ਆ ਗਿਆ। ਜਿਨ੍ਹਾਂ ਨੇ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ’ਤੇ ਕਾਤਲਾਨਾ ਹਮਲਾ ਕਰਦੇ ਹੋਏ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਂਦੇ ਹੋਏ ਉਨ੍ਹਾਂ ਦੀ ਜੀਪ ਨੂੰ ਵੀ ਤੋਡ਼ ਦਿੱਤਾ।

ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਸ਼ਾਮ ਸਿੰਘ ਦੌਧਰੀਆ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਅੱਜ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਮੁੱਖ ਦੋਸ਼ੀ ਸ਼ਾਮ ਸਿੰਘ ਫਿਰੋਜ਼ਪੁਰ ਰੋਡ ’ਤੇ ਸਰਤਾਜ ਪੈਲੇਸ ਕੋਲ ਘੁੰਮ ਰਿਹਾ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਰੇਡ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਅੱਜ ਅਦਾਲਤ ’ਚ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।

ਦੋਸ਼ੀ ’ਤੇ ਚੋਰੀ, ਨਾਜਾਇਜ਼ ਸ਼ਰਾਬ ਮਾਈਨਿੰਗ ਐਕਟ ਸਮੇਤ 9 ਮਾਮਲੇ ਦਰਜ

ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸ਼ਾਮ ਸਿੰਘ ਦੌਧਰੀਆ ’ਤੇ ਥਾਣਾ ਲਾਡੋਵਾਲ ਵਿਚ ਪਾਪੂਲਰ ਚੋਰੀ ਕਰਨ, ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਸਮੇਤ ਸੱਤ ਮਾਮਲੇ ਮਾਈਨਿੰਗ ਐਕਟ ਦੇ ਦਰਜ ਹਨ। ਜਿਸ ਵਿਚ ਦੋਸ਼ੀ ਕਈ ਕੇਸਾਂ ’ਚ ਜ਼ਮਾਨਤ ’ਤੇ ਬਾਹਰ ਆਇਆ ਹੈ। ਜਦਕਿ ਦੋਸ਼ੀ ਪਹਿਲੀ ਵਾਰ ਪੁਲਸ ਦੀ ਗ੍ਰਿਫਤ ਵਿਚ ਆਇਆ ਹੈ। ਅੱਜ ਤੱਕ ਕਿਸੇ ਵੀ ਮਾਮਲੇ ’ਚ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਦੋਸ਼ੀ ਪਿਛਲੇ ਲੰਮੇ ਸਮੇਂ ਤੋਂ ਨਾਜਾਇਜ਼ ਰੇਤ ਦਾ ਕਾਰੋਬਾਰ ਚਲਾ ਰਿਹਾ ਸੀ। ਜਿਸ ਨੂੰ ਇਸ ਇਲਾਕੇ ’ਚ ਨਾਜਾਇਜ਼ ਰੇਤ ਕਾਰੋਬਾਰ ਦਾ ਕਿੰਗ ਕਿਹਾ ਜਾਂਦਾ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਤੋਂ ਗੰਭੀਰਤਾ ਨਾਲ ਪੱੁਛਗਿੱਛ ਕੀਤੀ ਜਾਵੇਗੀ।


author

Bharat Thapa

Content Editor

Related News