ਘੱਟੋ-ਘੱਟ ਤਾਪਮਾਨ 3.5 ਤੇ ਵੱਧ ਤੋਂ ਵੱਧ 4 ਡਿਗਰੀ ਸੈਲਸੀਅਸ ਡਿੱਗਿਆ

Wednesday, Feb 14, 2018 - 05:09 AM (IST)

ਘੱਟੋ-ਘੱਟ ਤਾਪਮਾਨ 3.5 ਤੇ ਵੱਧ ਤੋਂ ਵੱਧ 4 ਡਿਗਰੀ ਸੈਲਸੀਅਸ ਡਿੱਗਿਆ

ਜਲੰਧਰ, (ਰਾਹੁਲ)- ਪਿਛਲੇ 48 ਘੰਟਿਆਂ ਦੌਰਾਨ ਪੱਛਮੀ ਚੱਕਰਵਾਤ ਕਾਰਨ ਕੁਝ ਖੇਤਰਾਂ ਵਿਚ ਮੀਂਹ ਜਾਰੀ ਰਿਹਾ ਤੇ ਘੱਟੋ-ਘੱਟ ਤਾਪਮਾਨ ਵਿਚ 3.5 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ ਵਿਚ 4 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ ਅੱਜ ਘੱਟੋ-ਘੱਟ ਤਾਪਮਾਨ  8 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਤੇ ਮੀਂਹ 6 ਐੱਮ. ਐੱਮ. ਰਿਕਾਰਡ ਕੀਤਾ ਗਿਆ। 
ਮੌਸਮ ਵਿਭਾਗ ਦੀ ਮੰਨੀਏ ਤਾਂ 14 ਫਰਵਰੀ ਨੂੰ ਆਮ ਤੌਰ 'ਤੇ ਆਸਮਾਨ ਸਾਫ ਰਹੇਗਾ। 15 ਤੋਂ 16 ਫਰਵਰੀ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣਗੇ ਤੇ 16 ਤੋਂ 17 ਫਰਵਰੀ ਤੱਕ ਦੁਬਾਰਾ ਆਸਮਾਨ ਸਾਫ ਰਹੇਗਾ। ਅੱਜ ਵੀ ਠੰਡੀਆਂ ਹਵਾਵਾਂ ਦਾ ਦੌਰ ਜਾਰੀ ਰਿਹਾ। ਦਿਨ ਦੇ ਸਮੇਂ ਧੁੱਪ ਹੋਣ ਦੇ ਬਾਵਜੂਦ ਸੂਰਜ ਆਪਣੀ ਪੂਰੀ ਗਰਮੀ ਨਹੀਂ ਵਿਖਾ ਸਕਿਆ। ਅਗਲੇ 48 ਘੰਟਿਆਂ ਦੌਰਾਨ ਦੇਰ ਰਾਤ ਤੇ ਸਵੇਰ ਦੇ ਸਮੇਂ ਬੱਦਲਵਾਈ ਬਣੇ ਰਹਿਣ ਦੇ ਆਸਾਰ ਹਨ। 
ਬਾਰਿਸ਼ ਤੇ ਠੰਡ ਕਣਕ ਲਈ ਫਾਇਦੇਮੰਦ
ਪਿਛਲੇ 48 ਘੰਟਿਆਂ ਦੌਰਾਨ ਹਲਕੇ ਤੇਜ਼ ਮੀਂਹ ਨਾਲ ਕਣਕ ਦੀ ਫਸਲ ਨੂੰ ਲਾਭ ਮਿਲਣ ਦੇ ਆਸਾਰ ਹਨ। ਖੇਤੀ ਮਾਹਿਰਾਂ ਅਨੁਸਾਰ ਠੰਡ ਨਾਲ ਕਣਕ ਦੀ ਪੈਦਾਵਾਰ 'ਤੇ ਚੰਗਾ ਅਸਰ ਪਵੇਗਾ, ਜਦੋਂਕਿ ਕੁਝ ਖੇਤਰਾਂ ਵਿਚ ਹੋਈ ਗੜੇਮਾਰੀ ਕਾਰਨ ਕਣਕ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸਭ ਤੋਂ ਜ਼ਿਆਦਾ ਮੌਸਮੀ ਸਬਜ਼ੀ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ।  ਅਗਲੇ ਕੁਝ ਦਿਨਾਂ ਦੌਰਾਨ ਮੌਸਮ ਵਿਚ ਉਤਾਰ-ਚੜ੍ਹਾਅ ਜਾਰੀ ਰਹਿਣ ਦੇ ਆਸਾਰ ਹਨ, ਜਿਸ ਨਾਲ ਘੱਟੋ-ਘੱਟ ਤਾਪਮਾਨ ਵਿਚ 1 ਤੋਂ 3 ਡਿਗਰੀ ਸੈਲਸੀਅਸ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉਥੇ ਉਪਰਲੇ ਤਾਪਮਾਨ ਵਿਚ 2 ਤੋਂ 4 ਡਿਗਰੀ ਸੈਲਸੀਅਸ ਦੀ ਤਪਸ਼ ਵਧਣ ਦੇ ਆਸਾਰ ਹਨ। ਇਨ੍ਹੀਂ ਦਿਨੀਂ ਚੱਲ ਰਹੀਆਂ ਤੇਜ਼ ਹਵਾਵਾਂ ਦਾ ਆਮ ਜਨਜੀਵਨ ਤੇ ਫਸਲਾਂ 'ਤੇ ਮਾੜਾ ਅਸਰ ਪੈ ਰਿਹਾ ਹੈ। ਕਈ ਇਲਾਕਿਆਂ ਵਿਚ ਲੱਗੇ ਹੋਰਡਿੰਗ, ਸਜਾਵਟੀ ਬੋਰਡ ਵੀ ਤੇਜ਼ ਹਵਾਵਾਂ ਨਾਲ ਪੁੱਟੇ ਜਾਣ ਦੀਆਂ ਖਬਰਾਂ ਹਨ। 


Related News