ਮਿੰਨੀ ਬਸ ਆਪ੍ਰੇਟਰਾਂ ਨੇ ਵਜਾਇਆ ਲੜਾਈ ਦਾ ਬਿਗਲ, 21 ਨੂੰ ਕਰਨਗੇ ਟਰਾਂਸਪੋਰਟ ਮੰਤਰੀ ਦੀ ਕੋਠੀ ਦਾ ਘਿਰਾਓ
Friday, May 13, 2022 - 05:14 PM (IST)
ਅੰਮ੍ਰਿਤਸਰ (ਛੀਨਾ)- ਮਿੰਨੀ ਬਸ ਆਪ੍ਰੇਟਰਾਂ ਨੇ ਆਪਣੇ ਭੱਖਦੇ ਮਸਲਿਆਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਏ.ਡੀ.ਸੀ.ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਮੌਕੇ ਸੰਬੋਧਨ ਕਰਦਿਆਂ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਮਿੰਨੀ ਬਸ ਆਪ੍ਰੇਟਰ ਪੰਜਾਬ ਸਰਕਾਰ ਦੇ ਕਮਾਓ ਪੁੱਤ ਹਨ, ਜਿੰਨਾ ਦੇ ਟੈਕਸਾਂ ਨਾਲ ਸਰਕਾਰ ਦਾ ਗੱਲਾ ਗੁਲਜ਼ਾਰ ਹੁੰਦਾ ਹੈ। ਫਿਰ ਵੀ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਤੱਪਦੀਆਂ ਧੁੱਪਾਂ ’ਚ ਸੜਕਾਂ ’ਤੇ ਹਾਅ ਦਾ ਨਾਅਰਾ ਮਾਰਨਾ ਪੈ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ
ਉਨ੍ਹਾਂ ਕਿਹਾ ਕਿ ਮਿੰਨੀ ਬਸ ਆਪ੍ਰੇਟਰ ਆਪਣੇ ਕੁਝ ਮਸਲਿਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਜਿੰਨਾ ਨੂੰ ਹੱਲ ਕਰਨ ਦੀ ਬਜਾਏ ਪਿਛਲੀਆਂ ਸਰਕਾਰਾਂ ਵਾਂਗ ਹੁਣ ‘ਆਪ’ ਸਰਕਾਰ ਵੀ ਟਾਲ ਮਟੋਲ ਕਰ ਰਹੀ ਹੈ। ਇਸ ਤੋਂ ਦੁਖੀ ਹੋ ਕੇ ਹੁਣ ਸਾਨੂੰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾਉਣਾ ਪਿਆ ਹੈ। ਬੱਬੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਦੇ ਤਹਿਤ 16 ਮਈ ਨੂੰ ਪੂਰੇ ਪੰਜਾਬ ਦੇ ਆਪ੍ਰੇਟਰ ਡੀ.ਸੀਜ.ਨੂੰ ਮੰਗ ਪੱਤਰ ਸੌਂਪਣਗੇ ਫਿਰ 21 ਮਈ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਕੋਠੀ ਦਾ ਵੱਡੇ ਪੱਧਰ ’ਤੇ ਘਿਰਾਓ ਕਰਨਗੇ। 26 ਮਈ ਨੂੰ ਪੂਰੇ ਪੰਜਾਬ ਦੀਆਂ ਮਿੰਨੀ ਬੱਸਾਂ ਦਾ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਬਾਹਰ ਚੱਕਾ ਜਾਮ ਕਰਕੇ ਬੱਸਾਂ ਦੀਆਂ ਚਾਬੀਆਂ ਡੀ.ਸੀ.ਨੂੰ ਸੌਂਪ ਦਿੱਤੀਆਂ ਜਾਣਗੀਆਂ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ
ਬੱਬੂ ਨੇ ਕਿਹਾ ਕਿ ਇਹ ਸੰਘਰਸ਼ ਹੁਣ ਉਨ੍ਹੀ ਦੇਰ ਤੱਕ ਜਾਰੀ ਰਹੇਗਾ, ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਪ੍ਰਵਾਨ ਨਹੀ ਕਰ ਲੈਂਦੀ। ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆ ’ਚ ਬਲਵਿੰਦਰ ਸਿੰਘ ਬਹਿਲਾ, ਜਗਜੀਤ ਸਿੰਘ ਢਿੱਲੋਂ, ਸੁਖਦੀਪ ਸਿੰਘ ਤਰਨ ਤਾਰਨ, ਕੰਵਲਜੀਤ ਸਿੰਘ, ਸਰਬਜੀਤ ਸਿੰਘ ਤਰਸਿੱਕਾ ਆਦਿ ਤੋਂ ਇਲਾਵਾ ਕਈ ਆਪ੍ਰੇਟਰ ਹਾਜ਼ਰ ਸਨ।