‘ਮਿੰਨੀ ਲਾਕਡਾਊਨ’ ਬਦਲ ਸਕਦੈ ਸੰਪੂਰਨ ਲਾਕਡਾਊਨ ’ਚ !
Thursday, Apr 29, 2021 - 09:51 AM (IST)
ਮਜੀਠਾ (ਸਰਬਜੀਤ) - ਦੇਸ਼ ਭਰ ਵਿੱਚ 2020 ਤੋਂ ਬਾਅਦ ਚੜ੍ਹੇ ਨਵੇਂ ਵਰ੍ਹੇ 2021 ਵਿੱਚ ਮੁੜ ਕੋਵਿਡ-19 ਦੀ ਦੂਜੀ ਲਹਿਰ, ਜਿਸ ਨੂੰ ਯੂ. ਕੇ. ਸਟਰੇਨ ਦਾ ਨਾਂ ਦਿੱਤਾ ਗਿਆ ਹੈ, ਆਉਣ ਨਾਲ ਦੇਸ਼ ਵਾਸੀਆਂ ਵਿੱਚ ਮੁੜ ਹੜਕੰਪ ਮਚ ਗਿਆ। ਹੁਣ ਸਰਕਾਰਾਂ ਵੀ ਸਖ਼ਤੀ ਵਰਤਦੀਆਂ ਹੋਈਆਂ ਹਰ ਹੀਲੇ ਇਸ ਦੂਜੀ ਲਹਿਰ ਦੇ ਖ਼ਤਮ ਹੋਣ ਦਾ ਅੰਦਰੋ-ਅੰਦਰੀ ਇੰਤਜ਼ਾਰ ਜ਼ਰੂਰ ਕਰ ਰਹੀਆਂ ਹੋਣਗੀਆਂ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਪੰਜਾਬ ਸਰਕਾਰ ਨੂੰ ਹੇਠਲੇ ਪੱਧਰ ’ਤੇ ਇਕ ਵਾਰ ਪੰਛੀ ਝਾਤ ਮਾਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਚੱਲ ਸਕੇ ਕਿ ਕੋਵਿਡ-19 ਦੀ ਦੂਜੀ ਲਹਿਰ ਸਭ ਤੋਂ ਜ਼ਿਆਦਾ ਖਤਰਨਾਕ ਕਿਉਂ ਸਾਬਤ ਹੋ ਰਹੀ ਹੈ। ਇਸ ਪਿੱਛੇ ਕੀ ਕਾਰਨ ਹਨ? ਲੱਗਦਾ ਹੈ ਕਿ ਇਸ ਕਠਿਨ ਸਮੇਂ ਵਿੱਚ ਪੰਜਾਬ ਸਰਕਾਰ ਕੋਵਿਡ-19 ਨੂੰ ਖ਼ਤਮ ਕਰਨ ਲਈ ਆਰੰਭ ਆਪਣੇ ਮਿਸ਼ਨ ‘ਫਤਹਿ’ ਨੂੰ ਭੁੱਲਦੀ ਹੋਈ ਆਪਸੀ ਸਿਆਸੀ ਜੰਗ ਦਾ ਸ਼ਿਕਾਰ ਹੋ ਕੇ ਰਹਿ ਗਈ, ਜਿਸ ਨਾਲ ਕੋਵਿਡ-19 ਦੀ ਦੂਜੀ ਲਹਿਰ ਆਪਣੀ ਪੂਰੀ ਚਰਮਸੀਮਾ ’ਤੇ ਇਸ ਵੇਲੇ ਹਰੇਕ ਨੂੰ ਲਪੇਟੇ ’ਚ ਲੈਣ ਲਈ ਉਤਾਵਲੀ ਹੋਈ ਉਡਾਰੀਆਂ ਮਾਰਦੀ ਫਿਰ ਰਹੀ ਹੈ।
ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਲਗਾਇਆ ਗਿਆ ਨਾਈਟ ਕਰਫਿਊ, ਜਿਸਦਾ ਸਮਾਂ ਰਾਤ 8 ਵਜੇ ਤੋਂ ਸ਼ਾਮ 5 ਵਜੇ ਤੱਕ ਸੀ, ਨੂੰ ਮਿੰਨੀ ਲਾਕਡਾਊਨ ਵਿਚ ਤਬਦੀਲ ਕਰਦਿਆਂ ਕੈਪਟਨ ਨੇ ਸ਼ਾਮ 6 ਵਜੇ ਤੋਂ ਲੈ ਕੇ ਸਮਾਂ ਸਵੇਰੇ 5 ਵਜੇ ਤੱਕ ਕਰ ਦਿੱਤਾ। ਇਸਦੇ ਬਾਵਜੂਦ ਆਵਜਾਈ ’ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ, ਜਿਸ ਨਾਲ ਲੋਕਾਂ ਦਾ ਆਵਾਗਮਨ ਲਗਾਤਾਰ ਜਾਰੀ ਹੈ। ਦੂਜੇ ਪਾਸੇ ਲਾਕਡਾਊਨ ਲੱਗਣ ਉਪਰੰਤ ਲੋਕ ਆਪਣੇ ਘਰਾਂ ਵਿੱਚ ਬੈਠਣ ਦੀ ਥਾਂ ਮੁਹੱਲਿਆਂ ਵਿੱਚ ਢਾਣੀਆਂ ਬਣਾ ਕੇ ਬੈਠੇ ਰਹਿੰਦੇ ਹਨ, ਜਿਸ ਨਾਲ ਕੋਰੋਨਾ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਕੋਵਿਡ-19 ’ਤੇ ਜਿੱਤ ਹਾਸਲ ਕਰਨ ਲਈ ਚਲਾਏ ਗਏ ਮਿਸ਼ਨ ਫ਼ਤਿਹ ਦੀ ਸਫਲਤਾ ਲਈ ਆਪਣੀ ਸਰਕਾਰ ਤਰਫੋਂ ਲਗਾਏ ਇਸ ਮਿੰਨੀ ਲਾਕਡਾਊਨ ਨੂੰ ਸੰਪੂਰਨ ਲਾੱਕਡਾਊਨ ਵਿੱਚ ਬਦਲਣਗੇ ਜਾਂ ਫਿਰ...?
ਲਾਕਡਾਊਨ ਤੇ ਨਾਈਟ ਕਰਫਿਊ ਦੀਆਂ ਉੱਡ ਰਹੀਆਂ ਧੱਜੀਆਂ
ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਹਿੱਤ ਲਾਕਡਾਊਨ ਅਤੇ ਨਾਈਟ ਕਰਫਿਊ ਲਗਾ ਦਿੱਤਾ ਪਰ ਇਸਦੇ ਬਾਵਜੂਦ ਇਨ੍ਹਾਂ ਦੀ ਪਾਲਣਾ ਕਰਵਾਉਣੀ ਪੁਲਸ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। ਪੁਲਸ ਮਹਿਕਮਾ ਉਕਤ ਦੋਵਾਂ ਚੀਜ਼ਾਂ ਦੀ ਪਾਲਣਾ ਕਰਵਾਉਣ ਦੀ ਥਾਂ ਖੁਦ ਕੁੰਭਕਰਨੀਂ ਨੀਂਦ ਸੁੱਤਾ ਪਿਆ ਹੈ, ਜਿਸ ਕਰ ਕੇ ਕੋਰੋਨਾ ਦੀ ਦੂਜੀ ਲਹਿਰ ਦਿਨੋ-ਦਿਨ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਰਹੀ ਹੈ। ਹੋਰ ਤਾਂ ਹੋਰ ਪੁਲਸ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਸਿਰਫ਼ ਤੇ ਸਿਰਫ਼ ਆਰਾਮ ਫਰਮਾਉਣ ਨੂੰ ਤਰਜ਼ੀਹ ਦੇ ਰਹੇ ਹਨ।
ਜਦੋਂ ਸ਼ਾਮ ਜਾਂ ਰਾਤ ਸਮੇਂ ਲਾਕਡਾਊਨ ਜਾਂ ਫਿਰ ਨਾਈਟ ਕਰਫਿਊ ਸ਼ੁਰੂ ਹੋਣ ਵਾਲਾ ਹੁੰਦਾ ਹੈ ਤਾਂ ਫਿਰ ਇਹ ਪੁਲਸ ਮੁਲਾਜ਼ਮ ਆਪਣੀਆਂ ਗੱਡੀਆਂ ਵਿੱਚ ਹੂਟਰ ਮਾਰਦੇ ਹੋਏ ਸੜਕਾਂ ’ਤੋਂ ਇੰਝ ਲੰਘਦੇ ਹਨ ਜਿਵੇਂ ਕੋਈ ਮੰਤਰੀ ਜਾ ਰਿਹਾ ਹੋਵੇ। ਬਾਅਦ ਵਿਚ ਇਹ ਪੁਲਸ ਮੁਲਾਜ਼ਮ ਕਿਤੇ ਵੀ ਸ਼ਹਿਰ, ਕਸਬੇ ਜਾਂ ਪਿੰਡ ਆਦਿ ਥਾਂਵਾਂ ’ਤੇ ਡਿਊਟੀ ’ਤੇ ਤਾਇਨਾਤ ਨਜ਼ਰ ਨਹੀਂ ਆਉਂਦੇ। ਅਜਿਹਾ ਹੋਣ ਨਾਲ ਅਕਸਰ ਦੂਰ-ਦੁਰੇਡੇ ਤੋਂ ਆਪਣੇ-ਆਪਣੇ ਕਾਰੋਬਾਰ ਬੰਦ ਕਰਕੇ ਘਰ ਪਰਤ ਰਹੇ ਆਮ ਕਾਰੋਬਾਰੀਆਂ ਨੂੰ ਜਾਨ ਦਾ ਖੌਫ ਬਣਿਆ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਨਾਲ ਕੋਈ ਵਾਰਦਾਤ ਨਾ ਹੋ ਜਾਵੇ। ਜੇਕਰ ਇਹ ਹੁੰਦਾ ਹੈ ਤਾਂ ਫਿਰ ਇਸ ਲਈ ਪੁਲਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਬਿਲਕੁਲ ਜਾਇਜ਼ ਹੋਵੇਗਾ।
ਕੀ 2021 ਦਾ ਆਉਣ ਵਾਲਾ ਸਮਾਂ ਹੋਵੇਗਾ ਜ਼ਿਆਦਾ ਖਤਰਨਾਕ?
2020 ਵਿਚ ਫੈਲੀ ਭਿਆਨਕ ਮਹਾਂਮਰੀ, ਜਿਸ ਨੂੰ ਕੋਵਿਡ-19 ‘ਕੋਰੋਨਾ’ ਦਾ ਨਾਂ ਦਿੱਤਾ ਗਿਆ ਸੀ, ਤੋਂ ਆਮ ਜਨਤਾ ਨੇ ਅਜੇ ਕੁਝ ਹੱਦ ਤਕ ਛੁਟਕਾਰਾ ਪਾਇਆ ਸੀ ਕਿ ਸਰਕਾਰਾਂ ਦੀ ਲਾਪ੍ਰਵਾਹੀ ਦੇ ਚਲਦਿਆਂ ਇਹ ਕੋਰੋਨਾ ਦੀ ਦੂਜੀ ਲਹਿਰ ਮੁੜ ਸਾਹਮਣੇ ਆ ਗਈ। ਕੋਰੋਨਾ ਕਾਰਨ ਮੌਤ ਦਰ ਵਿੱਚ ਭਾਰੀ ਵਾਧਾ ਕਰਦੇ ਹੋਏ ਸ਼ਮਸ਼ਾਨਘਾਟਾਂ ਵਿੱਚ ਲਾਸ਼ਾਂ ਦੇ ਮੇਲੇ ਲਗਾ ਰਹੀ ਹੈ, ਜਿਸ ਨੂੰ ਦੇਖਣ ਵਾਲੀ ਇਕ ਵਾਰ ਤਾਂ ਰੂਹ ਜ਼ਰੂਰ ਕੰਬ ਜਾਂਦੀ ਹੈ। ਅੱਜ ਤੱਕ ਇਨ੍ਹੀਂ ਵੱਡੀ ਗਿਣਤੀ ਵਿੱਚ ਇਕੋ ਵਾਰ ਇੰਨੀਆਂ ਲਾਸ਼ਾਂ ਨੂੰ ਸਾੜਨ ਦਾ ਮੰਜਰ ਕਿਸੇ ਨੇ ਨਹੀਂ ਸੀ, ਦੇਖਿਆ ਜੋ ਕੋਵਿਡ-19 ਦੀ ਦੂਜੀ ਲਹਿਰ ਦਿਖਾ ਰਹੀ ਹੈ।
ਓਧਰ, ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਦਿਨੋਂ-ਦਿਨ ਵਧ ਰਹੀ ਮੌਤ ਦਰ ਤੋਂ ਇਹੀ ਲੱਗਦਾ ਹੈ ਕਿ ਆਉਣ ਵਾਲਾ 2021 ਦਾ ਸਮਾਂ ਕਾਫ਼ੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਪਿਛਲੇ ਦਿਨੀਂ ਜੋ ਲਾਸੈਂਟ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ 1 ਜੂਨ ਤੋਂ ਰੋਜ਼ਾਨਾ 2500 ਲੋਕਾਂ ਦੀ ਮੌਤ ਹੋਵੇਗੀ, ਨੂੰ ਸੁਣ ਕੇ ਇਕ ਵਾਰ ਤਾਂ ਦੰਦਾਂ ਹੇਠਾਂ ਜੀਭ ਆ ਜਾਂਦੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਲਾਸੈਂਟ ਰਿਪੋਰਟ ’ਚ ਕੀਤਾ ਗਿਆ ਦਾਅਵਾ ਸੱਚ ਸਾਬਤ ਹੋ ਜਾਂਦਾ ਹੈ ਫਿਰ ਇਸ ਸੰਸਾਰ ਦਾ ਰੱਬ ਹੀ ਰਾਖਾ ਹੋਵੇਗਾ।