ਲੱਖਾਂ ਦੇ ਘਪਲੇ ''ਚ ਨਕੋਦਰ ਨਗਰ ਕੌਂਸਲ ਦਾ ਵੱਡਾ ਐਕਸ਼ਨ, 5 ਅਧਿਕਾਰੀਆਂ ''ਤੇ ਡਿੱਗੀ ਗਾਜ
Saturday, Apr 30, 2022 - 01:59 AM (IST)

ਨਕੋਦਰ (ਪਾਲੀ) : ਸਥਾਨਕ ਏ ਕਲਾਸ ਨਗਰ 'ਚ ਲੱਖਾਂ ਰੁਪਏ ਦਾ ਵੱਡਾ ਘਪਲਾ ਕਰਕੇ ਵਿੱਤੀ ਨੁਕਸਾਨ ਪਹੁੰਚਾਉਣ ਦੇ ਗੰਭੀਰ ਮਾਮਲੇ 'ਚ ਨਕੋਦਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਤੁਰੰਤ ਕਾਰਵਾਈ ਕਰਦਿਆਂ 3 ਕਲਰਕਾਂ ਨੂੰ ਸਸਪੈਂਡ ਤੇ 2 ਇੰਸਪਕੈਟਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ-ਤਲਬੀ ਕੀਤੀ ਹੈ। ਇਸ ਘਪਲੇ ਦੇ ਉਜਾਗਰ ਹੋਣ ਨਾਲ ਸ਼ਹਿਰ 'ਚ ਹਲਚਲ ਪੈਦਾ ਹੋ ਗਈ ਹੈ। ਉਕਤ ਘਪਲਾ ਤਹਿਬਾਜ਼ਾਰੀ, ਰੇਟ (ਦੁਕਾਨਾਂ ਦਾ ਕਿਰਾਇਆ) ਆਦਿ ਬ੍ਰਾਂਚਾਂ 'ਚ ਹੋਇਆ ਹੈ। ਇਸ ਸਬੰਧੀ ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਨਵਨੀਤ ਐਰੀ ਨੇ ਦੱਸਿਆ ਕਿ ਸਾਨੂੰ 2 ਹਫਤੇ ਪਹਿਲਾਂ (ਪੀ. ਐੱਮ. ਆਈ. ਡੀ. ਸੀ.) ਚੰਡੀਗੜ੍ਹ ਤੋਂ ਫੋਨ ਆਇਆ ਕਿ ਤੁਹਾਡੇ ਨਗਰ ਕੌਂਸਲ ਦਫ਼ਤਰ ਵੱਲੋਂ ਤਹਿਬਾਜ਼ਾਰੀ, ਰੇਟ ਅਤੇ ਹੋਰ ਕੰਮਾਂ ਦੀਆਂ (ਪੋਰਟਲ 'ਚ) ਰਸੀਦਾਂ ਕੱਟੀਆਂ ਜਾਂਦੀਆਂ ਹਨ ਪਰ ਕਾਫੀ ਰਸੀਦਾਂ ਕੈਂਸਲ ਹੋ ਰਹੀਆਂ ਹਨ, ਇਸ ਦੀ ਰਿਪੋਰਟ ਜਲਦੀ ਭੇਜੀ ਜਾਵੇ।
ਇਹ ਵੀ ਪੜ੍ਹੋ : ਹਿੰਦੂ ਸੰਗਠਨਾਂ ਵੱਲੋਂ ਪਟਿਆਲਾ ਬੰਦ ਦਾ ਐਲਾਨ, ਪੁਲਸ ਕਪਤਾਨ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ DC ਨੂੰ ਕੀਤੀ ਇਹ ਅਪੀਲ
ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਈ. ਓ. ਰਣਦੀਪ ਸਿੰਘ ਵੜੈਚ ਨੂੰ ਉਕਤ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ, ਜਿਨ੍ਹਾਂ ਨੇ ਗੰਭੀਰਤਾ ਨਾਲ ਲਗਾਤਾਰ ਰਸੀਦਾਂ ਨਾਲ ਸਬੰਧਿਤ ਮੁਲਾਜ਼ਮਾਂ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਅਸੀਂ ਉਕਤ ਮਾਮਲੇ 'ਚ 5 ਮੁਲਾਜ਼ਮਾਂ ਨੂੰ ਟ੍ਰੇਸ ਕੀਤਾ, ਜੋ ਇਸ ਘਪਲੇ 'ਚ ਸ਼ਾਮਲ ਸਨ, ਜਿਨ੍ਹਾਂ 'ਚੋਂ 3 ਕਲਰਕ ਅਤੇ 2 ਇੰਸਪਕੈਟਰ ਹਨ। ਇਨ੍ਹਾਂ ਕੋਲ ਰਸੀਦਾਂ ਸਬੰਧੀ ਜ਼ਿੰਮੇਵਾਰੀ ਤੇ ਇਨ੍ਹਾਂ ਦੀਆਂ ਪੋਰਟਲ 'ਤੇ ਆਈ. ਡੀਜ਼ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ : CM ਮਾਨ ਨੇ ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਲਈ 20 ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਦਿਖਾਈ ਹਰੀ ਝੰਡੀ
ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਰਸੀਦਾਂ ਨੂੰ ਕੋਈ ਵੀ ਮੁਲਾਜ਼ਮ ਬਿਨਾਂ ਈ. ਓ. ਤੋਂ ਰੱਦ ਨਹੀਂ ਕਰ ਸਕਦਾ, ਫਿਰ ਵੀ ਰਸੀਦਾਂ ਕੈਂਸਲ ਹੋ ਰਹੀਆਂ ਹਨ। ਉਕਤ 5 ਮੁਲਾਜ਼ਮਾਂ 'ਚ ਅਸ਼ੋਕ ਕੁਮਾਰ, ਨਿਰਦੋਸ਼ ਕੁਮਾਰ, ਜਤਿੰਦਰ ਕਪੂਰ (ਤਿੰਨੋਂ ਕਲਰਕ) ਅਤੇ 2 ਇੰਸਪੈਕਟਰ ਘਣਸ਼ਿਆਮ ਅਤੇ ਯੋਗਰਾਜ ਸ਼ਾਮਲ ਹਨ, ਜਿਨ੍ਹਾਂ 'ਚੋਂ 3 ਕਲਰਕ ਅਸ਼ੋਕ ਕੁਮਾਰ, ਨਿਰਦੋਸ਼ ਕੁਮਾਰ ਅਤੇ ਜਤਿੰਦਰ ਕਪੂਰ ਨੂੰ ਈ. ਓ. ਰਣਦੀਪ ਸਿੰਘ ਵੜੈਚ ਵੱਲੋਂ ਡਿਊਟੀ 'ਚ ਕੁਤਾਹੀ ਵਰਤਣ ਅਤੇ ਦਫ਼ਤਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦਿੱਤਾ, ਜਦਕਿ ਦੋਵਾਂ ਇੰਸਪੈਕਟਰਾਂ ਨੂੰ ਨੋਟਿਸ ਜਾਰੀ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿੱਤ ਮੰਤਰੀ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦੇ ਪੈਨਸ਼ਨਰਾਂ ਨੂੰ 62.68 ਕਰੋੜ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ