ਲੁਧਿਆਣਾ ’ਚ ਵੱਡੀ ਵਾਰਦਾਤ, ਰੀਅਲ ਅਸਟੇਟ ਕਾਰੋਬਾਰੀ ਦੀ ਕਾਰ ’ਚੋਂ ਲੱਖਾਂ ਰੁਪਏ ਚੋਰੀ
Thursday, Aug 03, 2023 - 11:53 PM (IST)
ਲੁਧਿਆਣਾ (ਰਾਜ)-ਲੁਧਿਆਣਾ ਦੇ ਸਾਊਥ ਸਿਟੀ ’ਚ ਰੀਅਲ ਅਸਟੇਟ ਕਾਰੋਬਾਰੀ ਦੀ ਰੇਂਜ ਰੋਵਰ ’ਚੋਂ ਕਿਸੇ ਨੇ 22 ਲੱਖ ਰੁਪਏ ਨਾਲ ਭਰਿਆ ਬੈਗ ਚੋਰੀ ਕਰ ਲਿਆ। ਇਸ ਵਾਰਦਾਤ ਨੂੰ ਬਾਈਕ ਸਵਾਰ 2 ਨੌਜਵਾਨਾਂ ਨੇ ਅੰਜਾਮ ਦਿੱਤਾ। ਵਾਰਦਾਤ ਦੇ ਸਮੇਂ ਰੀਅਲ ਅਸਟੇਟ ਕਾਰੋਬਾਰੀ ਦਾ ਡਰਾਈਵਰ ਪੈਟਰੋਲ ਪੰਪ ’ਤੇ ਕਾਰ ਦੇ ਟਾਇਰ ਨੂੰ ਪੰਕਚਰ ਲਗਵਾ ਰਿਹਾ ਸੀ। ਜਿਉਂ ਹੀ ਡਰਾਈਵਰ ਨੂੰ ਬੈਗ ਚੋਰੀ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਸੂਚਨਾ ਪੁਲਸ ਕੰਟਰੋਲ ਰੂਮ ’ਤੇ ਦਿੱਤੀ। ਮੌਕੇ ’ਤੇ ਏ. ਡੀ. ਸੀ. ਪੀ. ਸ਼ੁਭਮ ਅਗਰਵਾਲ, ਏ. ਸੀ. ਪੀ. ਮਨਦੀਪ ਸਿੰਘ, ਥਾਣਾ ਪੀ. ਏ. ਯੂ. ਦੇ ਐੱਸ. ਐੱਚ. ਓ. ਪੁਲਸ ਫੋਰਸ ਨਾਲ ਪੁੱਜ ਗਏ। ਪੈਟਰੋਲ ਪੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਵਾਰਦਾਤ ਕੈਦ ਹੋ ਗਈ। ਪੁਲਸ ਨੇ ਸੀ. ਸੀ. ਟੀ. ਵੀ. ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਮੋਟਰਸਾਈਕਲ ਰੇਹੜੀ ਤੇ ਛੋਟੇ ਹਾਥੀ ਦਰਮਿਆਨ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ
ਜਾਣਕਾਰੀ ਮੁਤਾਬਕ ਰੀਅਲ ਅਸਟੇਟ ਕਾਰੋਬਾਰੀ ਕਰਣ ਅਰੋੜਾ ਆਪਣੀ ਰੇਂਜ ਰੋਵਰ ਕਾਰ ’ਚ ਸਾਊਥ ਸਿਟੀ ਸਥਿਤ ਆਪਣੇ ਆਫਿਸ ਜਾ ਰਿਹਾ ਸੀ। ਰਸਤੇ ’ਚ ਗੱਡੀ ਦਾ ਟਾਇਰ ਪੰਕਚਰ ਹੋ ਗਿਆ ਸੀ। ਇਸ ਲਈ ਉਹ ਆਪਣੇ ਦੋਸਤ ਦੇ ਆਫਿਸ ’ਚ ਰੁਕ ਗਿਆ ਅਤੇ ਡਰਾਈਵਰ ਬਹਾਦਰ ਸਿੰਘ ਨੂੰ ਗੱਡੀ ਦਾ ਪੰਕਚਰ ਲਗਵਾਉਣ ਲਈ ਭੇਜ ਦਿੱਤਾ। ਡਰਾਈਵਰ ਸਾਊਥ ਸਿਟੀ ਸਥਿਤ ਸ਼ਿਵਾਲਿਕ ਪੈਟਰੋਲ ਪੰਪ ’ਤੇ ਟਾਇਰ ਦਾ ਪੰਕਚਰ ਲਗਵਾਉਣ ਚਲਾ ਗਿਆ। ਉਸ ਨੇ ਦੇਖਿਆ ਕਿ ਟਾਇਰ ਵਿਚ ਕਿਸੇ ਨੇ ਸੂਏ ਖੋਭ ਕੇ ਪੰਕਚਰ ਕੀਤਾ ਹੋਇਆ ਹੈ। ਜਦੋਂ ਉਹ ਪੰਕਚਰ ਲਗਵਾ ਰਿਹਾ ਸੀ ਤਾਂ ਉਸ ਦਾ ਧਿਆਨ ਟਾਇਰ ਪੰਕਚਰ ਲਗਵਾਉਣ ਵੱਲ ਸੀ। ਇਸੇ ਦੌਰਾਨ ਇਕ ਨੌਜਵਾਨ ਆਇਆ ਅਤੇ ਉਸ ਨੇ ਗੱਡੀ ਦੇ ਅੰਦਰ ਪਿਆ ਬੈਗ ਚੁੱਕ ਲਿਆ। ਇਸ ਤੋਂ ਬਾਅਦ ਕੁਝ ਹੀ ਦੂਰ ਪਹਿਲਾਂ ਤੋਂ ਬਾਈਕ ’ਤੇ ਖੜ੍ਹੇ ਆਪਣੇ ਸਾਥੀ ਨਾਲ ਫਰਾਰ ਹੋ ਗਿਆ। ਜਦੋਂ ਬਹਾਦਰ ਸਿੰਘ ਨੇ ਕਾਰ ਦੇ ਅੰਦਰ ਦੇਖਿਆ ਤਾਂ ਬੈਗ ਗਾਇਬ ਸੀ। ਉਸ ਨੇ ਤੁਰੰਤ ਆਪਣੇ ਮਾਲਕ ਨੂੰ ਕਾਲ ਕਰ ਕੇ ਘਟਨਾ ਸਬੰਧੀ ਦੱਸਿਆ। ਉਸ ਬੈਗ ’ਚ 22 ਲੱਖ ਰੁਪਏ ਕੈਸ਼ ਅਤੇ ਕੁਝ ਦਸਤਾਵੇਜ਼ ਪਏ ਹੋਏ ਸਨ।
ਇਹ ਖ਼ਬਰ ਵੀ ਪੜ੍ਹੋ : ਐਡਵੋਕੇਟ ਧਾਮੀ ਨੇ 7 ਅਗਸਤ ਨੂੰ ਬੁਲਾਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8