ਧੋਖੇ ਨਾਲ ਪਲਾਟ ਵੇਚ ਕੇ ਔਰਤ ਨੂੰ ਲਾਇਆ ਲੱਖਾਂ ਦਾ ਚੂਨਾ
Friday, Dec 22, 2017 - 05:28 AM (IST)
ਅੰਮ੍ਰਿਤਸਰ, (ਅਰੁਣ)- ਜਾਅਲਸਾਜ਼ੀ ਕਰਦਿਆਂ ਇਕ ਔਰਤ ਨੂੰ ਪਲਾਟ ਵੇਚਣ ਅਤੇ ਭੇਦ ਖੁੱਲ੍ਹਣ ਮਗਰੋਂ ਸਮੇਤ ਵਿਆਜ ਦਿੱਤਾ ਗਿਆ ਚੈੱਕ ਬੈਂਕ ਤੋਂ ਵਾਪਸ ਹੋ ਜਾਣ ਸਬੰਧੀ ਪੁਲਸ ਨੇ 2 ਵਿਅਕਤੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਹਰਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਗ੍ਰੀਨ ਇਨਫਰਾਸਟਰੱਕਚਰ ਡਿਵੈਲਪਮੈਂਟ ਇੰਡੀਆ ਲਿਮਟਿਡ ਕੋਲੋਂ ਇਕ ਪਲਾਟ ਮੁੱਲਾਂਪੁਰ ਨਿਊ ਚੰਡੀਗੜ੍ਹ ਵਿਖੇ 6 ਲੱਖ 30 ਹਜ਼ਾਰ ਰੁਪਏ ਪੇਸ਼ਗੀ ਰਕਮ ਦੇ ਕੇ ਖਰੀਦਿਆ ਸੀ। ਬਾਅਦ ਵਿਚ ਪਤਾ ਲੱਗਾ ਕਿ ਇਹ ਜ਼ਮੀਨ ਕੰਪਨੀ ਦੀ ਆਪਣੀ ਨਹੀਂ ਹੈ। ਰਕਮ ਵਾਪਸ ਮੰਗਣ 'ਤੇ ਉਸ ਨੂੰ ਸਮੇਤ ਵਿਆਜ 8 ਲੱਖ 11 ਹਜ਼ਾਰ 200 ਰੁਪਏ ਦਾ ਚੈੱਕ ਦਿੱਤਾ ਗਿਆ, ਜੋ ਉਸ ਵੱਲੋਂ ਬੈਂਕ 'ਚ ਲਾਉਣ 'ਤੇ ਇਹ ਚੈੱਕ ਵਾਪਸ ਹੋ ਗਿਆ।
ਈ. ਓ. ਵਿੰਗ-2 ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤ ਸਰੂਪ ਨੇ ਮਾਮਲੇ ਦੀ ਜਾਂਚ ਕਰਨ ਮਗਰੋਂ ਮੁਲਜ਼ਮ ਸੰਤੋਸ਼ ਕੁਮਾਰ ਗਰਗ ਪੁੱਤਰ ਓਮ ਪ੍ਰਕਾਸ਼ ਤੇ ਕੁਲਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਵਾਰਡ-5 ਫਿਰੋਜ਼ਪੁਰ ਖਿਲਾਫ ਕਾਰਵਾਈ ਕਰਦਿਆਂ ਥਾਣਾ ਕੰਟੋਨਮੈਂਟ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
