ਦੁਕਾਨਾਂ ਤੋਂ ਲੁੱਟਿਆ ਲੱਖਾਂ ਦਾ ਸਾਮਾਨ ਬਰਾਮਦ

Sunday, Feb 18, 2018 - 03:25 AM (IST)

ਦੁਕਾਨਾਂ ਤੋਂ ਲੁੱਟਿਆ ਲੱਖਾਂ ਦਾ ਸਾਮਾਨ ਬਰਾਮਦ

ਮੋਗਾ,   (ਪਵਨ ਗਰੋਵਰ, ਗੋਪੀ ਰਾਊਕੇ)-  ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰ ਬਾਗ ਗਲੀ 'ਚ ਲੰਘੀ 11 ਫਰਵਰੀ ਦੀ ਰਾਤ ਨੂੰ ਦੁਰਗਾ ਮਾਰਕੀਟ ਦੀਆਂ ਚਾਰ ਦੁਕਾਨਾਂ 'ਤੇ ਕਬਜ਼ੇ ਦੇ ਯਤਨਾਂ ਤਹਿਤ ਚੌਕੀਦਾਰ ਨੂੰ ਬੰਧਕ ਬਣਾ ਕੇ ਗੁੰਡਾਗਰਦੀ ਦਾ ਕਥਿਤ 'ਨੰਗਾ-ਨਾਚ' ਕਰਦਿਆਂ ਦੁਕਾਨਾਂ 'ਚੋਂ ਲੁੱਟਿਆ ਗਿਆ ਲੱਖਾਂ ਰੁਪਏ ਦਾ ਸਾਮਾਨ ਆਖਿਰਕਾਰ ਪੁਲਸ ਵੱਲੋਂ ਅੱਜ ਤੜਕਸਾਰ ਸਿੰਘਾਂਵਾਲਾ ਪਾਵਰ ਗਰਿੱਡ ਦੇ ਨੇੜਿਓਂ ਬਰਾਮਦ ਕਰ ਲਿਆ ਗਿਆ ਹੈ। ਇਸ ਸਾਮਾਨ ਦੀ ਕੀਮਤ 4 ਤੋਂ 5 ਲੱਖ ਰੁਪਏ ਤੱਕ ਦੱਸੀ ਜਾ ਰਹੀ ਹੈ।
ਇਸ ਦੇ ਨਾਲ ਹੀ ਦੁਕਾਨਦਾਰਾਂ ਦਾ ਦੋਸ਼ ਹੈ ਕਿ ਪੁਲਸ ਵੱਲੋਂ ਕਥਿਤ ਤੌਰ 'ਤੇ ਸਿਆਸੀ ਸਰਪ੍ਰਸਤੀ 'ਤੇ ਇਸ ਮਾਮਲੇ 'ਚ ਢਿੱਲਮੱਠ ਵਰਤੀ ਜਾ ਰਹੀ ਹੈ। ਬੀਤੇ ਕੱਲ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦੇ ਅਹੁਦੇਦਾਰਾਂ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਪ੍ਰੈੱਸ ਕਾਨਫਰੰਸ ਕਰ ਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਮਾਮਲੇ 'ਚ ਦੁਕਾਨਦਾਰਾਂ ਨੂੰ ਇਨਸਾਫ ਨਾ ਦਿਵਾਇਆ ਗਿਆ ਤਾਂ ਸਮੁੱਚੇ ਬਾਜ਼ਾਰ ਨੂੰ ਬੰਦ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਇਸ ਮਾਮਲੇ 'ਚ ਮੋਗਾ ਨਿਵਾਸੀ ਦੁਕਾਨਦਾਰ ਸੁਨੀਲ ਸ਼ਰਮਾ ਦੀ ਸ਼ਿਕਾਇਤ 'ਤੇ ਅਲਾਇਟ ਟਰੱਕ ਯੂਨੀਅਨ ਦੇ ਪ੍ਰਧਾਨ ਸਮੇਤ 19 ਵਿਰੁੱਧ ਸਕਿਓਰਿਟੀ ਗਾਰਡ ਨੂੰ ਬੰਦੀ ਬਣਾ ਕੇ ਚਾਰ ਦੁਕਾਨਾਂ 'ਚੋਂ ਸਾਮਾਨ ਲੁੱਟਣ 'ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਇਸ ਮਾਮਲੇ 'ਚ ਸੁਨੀਲ ਕੁਮਾਰ ਬਾਬਾ ਅਤੇ ਸਾਹਿਲ ਕੁਮਾਰ ਲੰਡੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Related News