ਪੰਜਾਬ ''ਚ ''ਦੁੱਧ'' ਹੋਇਆ ਹੋਰ ਵੀ ਮਹਿੰਗਾ, ਕਿੱਲੋ ਪਿੱਛੇ 3 ਰੁਪਏ ਦਾ ਵਾਧਾ

11/28/2019 3:03:05 PM

ਲੁਧਿਆਣਾ (ਨਰਿੰਦਰ) : ਵੇਰਕਾ ਵੱਲੋਂ ਚੁੱਪ-ਚੁਪੀਤੇ ਦੁੱਧ ਦੇ ਭਾਅ ਵਧਾਉਣ ਤੋਂ ਬਾਅਦ ਹੁਣ ਡੇਅਰੀ ਫਾਰਮਰਾਂ ਨੇ ਵੀ ਦੁੱਧ ਦੇ ਭਾਅ ਚੜ੍ਹਾ ਦਿੱਤੇ ਹਨ। ਜਿੱਥੇ ਵੇਰਕਾ ਨੇ ਇਕ ਲੀਟਰ ਪਿੱਛੇ 2 ਰੁਪਏ ਦੁੱਧ ਦੇ ਭਾਅ ਵਧਾਏ, ਉੱਥੇ ਹੀ ਡੇਅਰੀ ਫਾਰਮਰਾਂ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਿੱਲੋ ਦੁੱਧ ਪਿੱਛੇ 3 ਰੁਪਏ ਦਾ ਵਾਧਾ ਕੀਤਾ ਹੈ, ਜੋ ਕਿ ਪੂਰੇ ਸੂਬੇ 'ਚ ਪਹਿਲੀ ਦਸੰਬਰ ਤੋਂ ਲਾਗੂ ਹੋ ਜਾਵੇਗਾ।

ਇਸ ਬਾਰੇ ਹੈਬੋਵਾਲ ਡੇਅਰੀ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਦੁੱਧ ਦੇ ਭਾਅ ਵਧਾਏ ਗਏ ਹਨ। ਉਨ੍ਹਾਂ ਦੱਸਿਆ ਕਿ ਤੂੜੀ ਦੇ ਭਾਅ ਵੀ ਲਗਾਤਾਰ ਵਧ ਰਹੇ ਹਨ ਅਤੇ ਫੀਡ 'ਚ ਕੋਈ ਸਬਸਿਡੀ ਵੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਡੇਅਰੀ ਫਾਰਮਰਾਂ ਵਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਡੇਅਰੀ ਫਾਰਮਰਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਵੱਡੀ ਗਿਣਤੀ 'ਚ ਡੇਅਰੀਆਂ ਬੰਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਦੁੱਧ ਦੇ ਭਾਅ ਹੋਰ ਵਧਾਉਣਗੇ ਪੈਣਗੇ ਜਾਂ ਫਿਰ ਡੇਅਰੀ ਫਾਰਮਿੰਗ ਦਾ ਕੰਮ ਹੀ ਬੰਦ ਕਰਨਾ ਪਵੇਗਾ। ਦੁੱਧ ਦੇ ਭਾਅ ਵਧਣ ਕਾਰਨ ਆਮ ਲੋਕਾਂ ਨੇ ਇਸ ਦਾ ਅਸਰ ਪਵੇਗਾ।


Babita

Content Editor

Related News