ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦੁੱਧ ਉਤਪਾਦਕਾਂ ਨੇ ਦਿੱਤਾ ਧਰਨਾ

Wednesday, Aug 15, 2018 - 02:59 AM (IST)

ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦੁੱਧ ਉਤਪਾਦਕਾਂ ਨੇ ਦਿੱਤਾ ਧਰਨਾ

ਨੂਰਪੁਰਬੇਦੀ,   (ਭੰਡਾਰੀ)-  ਵੇਰਕਾ ਮਿਲਕ ਪਲਾਂਟ ਮੋਹਾਲੀ ਵੱਲੋਂ ਦੁੱਧ ਉਤਪਾਦਕਾਂ ਦੀ ਬੀਤੇ ਇਕ ਮਹੀਨੇ ਤੋਂ ਰੋਕੀ ਅਦਾਇਗੀ ਦਾ ਗੰਭੀਰ ਨੋਟਿਸ ਲੈਂਦਿਆਂ ਇਲਾਕਾ ਸੰਘਰਸ਼ ਕਮੇਟੀ ਨੂਰਪੁਰਬੇਦੀ ਨੇ ਦੁੱਧ ਉਤਪਾਦਕਾਂ ਨੂੰ ਨਾਲ ਲੈ ਕੇ ਅੱਜ ਪਿੰਡ ਅਸਮਾਨਪੁਰ ਸਥਿਤ ਦੁੱਧ ਕੇਂਦਰ ਦੇ ਗੇਟ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ ਤੇ ਪ੍ਰਬੰਧਕਾਂ ਦੀ ਅਣਗਹਿਲੀ ਦੇ ਵਿਰੋਧ ’ਚ ਨਾਅਰੇਬਾਜ਼ੀ ਕੀਤੀ।
 ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ ਤੇ ਸਰਪ੍ਰਸਤ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪਲਾਂਟ ਦੇ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਾਰਨ ਦੁੱਧ ਉਤਪਾਦਕਾਂ ਤੇ ਵੇਰਕਾ ਉਤਪਾਦ ਦੇ ਖਰੀਦਦਾਰਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ।  1 ਮਹੀਨੇ ਤੋਂ ਅਦਾਇਗੀਆਂ ਨਾ ਹੋਣ ਕਾਰਨ ਜਿੱਥੇ ਦੁੱਧ ਉਤਪਾਦਕ ਆਰਥਕ ਤੰਗੀ ’ਚੋਂ ਗੁਜ਼ਰ ਰਹੇ ਹਨ, ਉੱਥੇ ਉਨ੍ਹਾਂ ਦਾ ਕੰਮ ਕਰਨ ਦਾ ਮਨੋਬਲ ਵੀ ਡਿੱਗ ਰਿਹਾ ਹੈ ਤੇ ਉਹ ਮਾਨਸਿਕ ਪ੍ਰੇਸ਼ਾਨੀ ਝੱਲ ਰਹੇ ਹਨ। ਉਨ੍ਹਾਂ ਪਲਾਂਟ ’ਚ ਕਰੋਡ਼ਾਂ ਦੀ ਘਪਲੇਬਾਜ਼ੀ ਹੋਣ ਦਾ ਵੀ ਦੋਸ਼ ਲਗਾਇਆ। ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਮੋਹਨ ਸਿੰਘ ਧਮਾਣਾ ਤੇ ਭਾਜਪਾ ਦੇ ਸੂਬਾ ਸਕੱਤਰ ਵਿਜੇ ਪੁਰੀ ਨੇ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਬਿਨਾਂ ਦੇਰੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਨਾਲ ਹੀ ਸਰਕਾਰੀ ਦਫ਼ਤਰਾਂ ’ਚ ਫੈਲੇ ਭ੍ਰਿਸ਼ਟਾਚਾਰ, ਖਾਦ ਦੀ ਬਲੈਕ ਤੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵੀ ਲੋਕਾਂ ਨੂੰ ਡਟਣ ਦਾ ਹੋਕਾ ਦਿੱਤਾ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਖੇਤਰ ’ਚ ਪੈਦਾ ਹੋਏ ਬਿਜਲੀ ਸੰਕਟ ਨੂੰ ਜਲਦ ਹੱਲ ਕਰਨ ਤੇ ਪੁਲਸ ਸਟੇਸ਼ਨ ਨੂਰਪੁਰਬੇਦੀ ਦੀ ਹਦੂਦ ’ਚ ਸਥਿਤ ਧਾਰਮਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ  ਲਈ ਟਰੱਸਟ ਬਣਾਏ ਜਾਣ ਦੀ ਵੀ ਜ਼ੋਰਦਾਰ ਮੰਗ ਉਠਾਈ। ਇਸ ਤੋਂ ਉਪਰੰਤ ਧਰਨੇ ਦੌਰਾਨ ਦੁੱਧ ਉਤਪਾਦਕਾਂ ਦੇ ਸਮਰਥਨ ’ਚ ਪਹੁੰਚੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਮਿਲਕ ਪਲਾਂਟ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਤੇ ਜਿਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਜੇ  ਮਿਲਕ ਪਲਾਂਟ ਵੱਲੋਂ ਜਲਦ ਦੁੱਧ ਉਤਪਾਦਕਾਂ ਨੂੰ ਅਦਾਇਗੀ ਨਹੀਂ ਕੀਤੀ ਜਾਂਦੀ ਹੈ ਤਾਂ ਇਸ ਦੇ ਵਿਰੋਧ ’ਚ ਵਿੱਢੇ ਜਾਣ ਵਾਲੇ ਹਰ ਸੰਘਰਸ਼ ’ਚ ਉਹ ਮੋਹਰੀ ਹੋ ਕੇ ਡਟਣਗੇ। 
ਇਸ ਸਮੇਂ ਧਰਨਾਕਾਰੀਆਂ ਨੇ ਇਕਸੁਰ ’ਚ ਹੱਥ ਖਡ਼੍ਹੇ ਕਰ ਕੇ ਕਿਹਾ ਕਿ ਜੇ ਅਗਸਤ ਮਹੀਨੇ ਦੇ ਅੰਦਰ-ਅੰਦਰ ਦੁੱਧ ਉਤਪਾਦਕਾਂ ਨੂੰ ਅਦਾਇਗੀ ਨਹੀਂ ਕੀਤੀ ਜਾਂਦੀ ਹੈ ਤਾਂ ਸੂਬਾ ਪੱਧਰੀ ਧਰਨੇ ਦੀ  ਰੂਪ-ਰੇਖਾ ਉਲੀਕੀ ਜਾਵੇਗੀ। ਧਰਨੇ ਨੂੰ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ, ਸਰਪ੍ਰਸਤ ਇਕਬਾਲ ਸਿੰਘ ਲਾਲਪੁਰਾ, ਮਾ. ਜਗਨ ਨਾਥ ਭੰਡਾਰੀ, ਕਾਮਰੇਡ ਮੋਹਨ ਸਿੰਘ ਧਮਾਣਾ, ਬਲਵੀਰ ਸਿੰਘ ਭੱਟੋਂ, ਵੇਦ ਪ੍ਰਕਾਸ਼ ਸਸਕੌਰ, ਕਾਮਰੇਡ ਰਣਜੀਤ ਸਰਥਲੀ, ਗਿਆਨ ਸਿੰਘ ਸੰਗਤਪੁਰ, ਕੈਪਟਨ ਸੁਰਜੀਤ ਸਿੰਘ, ਸ਼ਿੰਗਾਰਾ ਸਿੰਘ ਬੈਂਸ, ਕ੍ਰਿਸ਼ਨ ਸਿੰਘ, ਅਸ਼ੋਕ ਸੈਣੀ, ਹੁਸਨ ਚੰਦ ਮਠਾਨ, ਦੀਵਾਨ ਸਿੰਘ ਗਿੱਲ, ਪ੍ਰੇਮ ਸਿੰਘ, ਬਲਵੀਰ ਅੌਲਖ, ਮਦਨ ਗੋਪਾਲ ਲਖਣੋਂ, ਸੁਰਿੰਦਰ ਪੰਨੂ, ਧਰਮਪਾਲ, ਉਂਕਾਰ ਸਿੰਘ, ਸੰਤਾ ਸਿੰਘ, ਅਸ਼ਵਨੀ ਚੱਢਾ ਤੇ ਅਮਰੀਕ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।  


Related News