ਦੁੱਧ ਦੀਆਂ ਕੀਮਤਾਂ ''ਚ ਆ ਸਕਦੈ ਭਾਰੀ ਉਛਾਲ, ਸਰਕਾਰ ਤੋਂ ਖਫਾ ਡੇਅਰੀ ਫਾਰਮਰ

Thursday, Jan 02, 2020 - 11:36 PM (IST)

ਦੁੱਧ ਦੀਆਂ ਕੀਮਤਾਂ ''ਚ ਆ ਸਕਦੈ ਭਾਰੀ ਉਛਾਲ, ਸਰਕਾਰ ਤੋਂ ਖਫਾ ਡੇਅਰੀ ਫਾਰਮਰ

ਲੁਧਿਆਣਾ,(ਸਲੂਜਾ)- ਪਿਆਜ਼ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਉਛਾਲ ਤੋਂ ਬਾਅਦ ਹੁਣ ਪੰਜਾਬ ਭਰ ਦੇ ਲੋਕਾਂ ਨੂੰ ਦੁੱਧ ਦੀਆਂ ਕੀਮਤਾਂ ਵਿਚ ਹੋਣ ਵਾਲੇ ਭਾਰੀ ਵਾਧੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਦੁੱਧ ਦੀਆਂ ਇਹ ਕੀਮਤਾਂ 60 ਰੁਪਏ ਤੋਂ ਲੈ ਕੇ 65 ਰੁਪਏ ਪ੍ਰਤੀ ਲੀਟਰ ਨੂੰ ਵੀ ਪਾਰ ਕਰ ਸਕਦੀਆਂ ਹਨ। ਅਜਿਹਾ ਇਸ਼ਾਰਾ ਪੰਜਾਬ ਲਾਇਵ ਸਟਾਕ ਫਾਰਮਰਜ਼ ਐਸੋ. ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਦੇਰ ਰਾਤ ਦਿੰਦੇ ਹੋਏ ਦੱਸਿਆ ਕਿ ਚੋਕਰ ਦਾ ਜੋ ਮੁੱਲ ਪਹਿਲਾਂ 570 ਰੁਪਏ ਪ੍ਰਤੀ ਕੁਇੰਟਲ ਸੀ, ਉਹ ਹੁਣ 725 ਰੁਪਏ ਪ੍ਰਤੀ ਕੁਇੰਟਲ 'ਤੇ ਪੁੱਜ ਚੁੱਕਾ ਹੈ। ਸਰੋਂ ਦਾ ਤੇਲ ਪਹਿਲਾਂ 2050 ਰੁਪਏ ਪ੍ਰਤੀ ਕੁਇੰਟਲ ਸੀ, ਜੋ ਅੱਜ 2300 ਰੁਪਏ ਪ੍ਰਤੀ ਕੁਇੰਟਲ ਨੂੰ ਪੁੱਜ ਗਿਆ ਹੈ। ਮੱਕੀ ਦਾ ਮੁੱਲ 1700 ਤੋਂ 1800 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 2400 ਰੁਪਏ ਕੁਇੰਟਲ ਹੋ ਗਿਆ ਹੈ। ਤੂੜੀ ਦੀ ਕੀਮਤ 300 ਤੋਂ 400 ਰੁਪਏ ਦੀ ਬਜਾਏ ਹੁਣ 700 ਰੁਪਏ ਪ੍ਰਤੀ ਕੁਇੰਟਲ ਨੂੰ ਛੂਹ ਚੁੱਕੀ ਹੈ।
 

ਡੇਅਰੀਆਂ ਬੰਦ ਹੋਣ ਲੱਗੀਆਂ
ਪ੍ਰਧਾਨ ਢਿੱਲੋਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਸਮੇਂ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਡੇਅਰੀਆਂ ਬੰਦ ਹੋਣ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਲਲਤੋਂ ਪਿੰਡ ਦਾ ਇਕ ਡੇਅਰੀ ਫਾਰਮਰ, ਜਿਸ ਕੋਲ 125 ਦੇ ਕਰੀਬ ਦੁਧਾਰੂ ਪਸ਼ੂ ਹਨ ਅਤੇ ਇਸ ਸਮੇਂ ਦੁੱਧ ਵੀ ਪ੍ਰਤੀ ਲੀਟਰ 70 ਰੁਪਏ ਵੇਚ ਰਿਹਾ ਹੈ, ਆਪਣਾ ਡੇਅਰੀ ਫਾਰਮ ਵੇਚਣ ਜਾ ਰਿਹਾ ਹੈ। ਲੁਧਿਆਣਾ ਦੇ ਤਾਜਪੁਰ ਅਤੇ ਹੈਬੋਵਾਲ ਖੁਰਦ ਇਲਾਕਿਆਂ ਤੋਂ ਵੀ ਡੇਅਰੀਆਂ ਦੇ ਬੰਦ ਹੋਣ ਦੀਆਂ ਰਿਪੋਰਟਾਂ ਪ੍ਰਾਪਤ ਹੋਣ ਲੱਗੀਆਂ ਹਨ। ਮੋਹਾਲੀ ਵਿਚ ਵੀ ਕਈ ਡੇਅਰੀਆਂ ਬੰਦ ਹੋ ਚੁੱਕੀਆਂ ਹਨ।
 

ਤੂੜੀ ਨਹੀਂ ਮਿਲ ਰਹੀ
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਿਸਾਨ ਅਤੇ ਡੇਅਰੀ ਫਾਰਮਰ ਤਾਂ ਤੂੜੀ ਦੀ ਕਮੀ ਨਾਲ ਜੂਝ ਰਹੇ ਹਨ, ਜਦੋਂਕਿ ਵੱਡੀਆਂ ਵੱਡੀਆਂ ਮਿੱਲਾਂ ਵਿਚ ਛੂੜੀ ਸਾੜੀ ਜਾ ਰਹੀ ਹੈ। ਸਰਕਾਰ ਇਨ੍ਹਾਂ ਮਿੱਲ ਮਾਲਕਾਂ ਨੂੰ ਤੂੜੀ ਬਾਲਣ ਤੋਂ ਰੋਕ ਕੇ ਪਰਾਲੀ ਦੀ ਵਰਤੋਂ ਕਰਨ ਨੂੰ ਕਿਉਂ ਨਹੀਂ ਕਹਿੰਦੀ।

ਜੇਕਰ ਸਰਕਾਰ ਨੇ ਨੀਤੀ ਨਾ ਬਣਾਈ ਤਾਂ ਡੇਅਰੀ ਉਦਯੋਗ ਤਬਾਹ ਹੋ ਜਾਵੇਗਾ
ਪੰਜਾਬ ਲਾਈਵ ਸਟਾਕ ਫਾਰਮਰਜ਼ ਐਸੋ. ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਕਾਰ ਡੇਅਰੀ ਫਾਰਮਰਾਂ ਨੂੰ ਸਬਸਿਡੀ ਦੇਣ ਦਾ ਪ੍ਰਬੰਧ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਡੇਅਰੀ ਉਦਯੋਗ ਤਬਾਹ ਹੋ ਜਾਵੇਗਾ। ਇਸ ਤਰ੍ਹਾਂ ਦੇ ਹਲਾਤਾਂ ਵਿਚ ਡੇਅਰੀ ਫਾਰਮਰਜ਼ ਦੇ ਕੋਲ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ।


Related News