ਮਿਲਟਰੀ ਸਟੇਸ਼ਨ ’ਚ ਹੋਈ ਗੋਲ਼ੀਬਾਰੀ ਤੋਂ ਬਾਅਦ ਬਠਿੰਡਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ

04/12/2023 6:37:11 PM

ਬਠਿੰਡਾ : ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿਚ ਹੋਈ ਗੋਲ਼ੀਬਾਰੀ ਦੀ ਘਟਨਾ ਨੂੰ ਲੈ ਕੇ ਬਠਿੰਡਾ ਦੇ ਐੱਸ. ਐੱਸ. ਪੀ. ਗੁਲਨੀਤ ਖੁਰਾਣਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਐੱਸ. ਐੱਸ. ਪੀ. ਨੇ ਇਸ ਘਟਨਾ ਨੂੰ ਕਿਸੇ ਵੀ ਅੱਤਵਾਦੀ ਹਮਲੇ ਨਾਲ ਜੋੜਨ ਤੋਂ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਫਿਲਹਾਲ ਇਸ ਘਟਨਾ ਦਾ ਕੋਈ ਅੱਤਵਾਦੀ ਐਂਗਲ ਸਾਹਮਣੇ ਨਹੀਂ ਆ ਰਿਹਾ ਹੈ ਪਰ ਫਿਰ ਵੀ ਹਰ ਪਹਿਲੂ ’ਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਦੀ ਜਾਂਚ ਮੁਤਾਬਕ ਇਹ ਫ਼ੌਜ ਦਾ ਅੰਦਰੂਨੀ ਮਾਮਲਾ ਜਾਪ ਰਿਹਾ ਹੈ। 

ਇਹ ਵੀ ਪੜ੍ਹੋ : ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿਚ ਫਾਇਰਿੰਗ ਚਾਰ ਲੋਕਾਂ ਦੀ ਮੌਤ

ਚਾਰ ਲੋਕਾਂ ਦੀ ਹੋਈ ਮੌਤ

ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿਚ ਅੱਜ ਤੜਕੇ ਲਗਭਗ 4.35 ਵਜੇ ਹੋਈ ਫਾਇਰਿੰਗ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਫਾਇਰਿੰਗ ਕਿਸ ਵਲੋਂ ਕੀਤੀ ਗਈ ਹੈ, ਫਿਲਹਾਲ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਸ ਅਤੇ ਫੌਜ ਵਲੋਂ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਆਉਣ ਜਾਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਫੌਜ ਨੇ ਵੀ ਇਸ ਘਟਨਾ ਨੂੰ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ। 

ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗਲਤੀ ਨਾਲ ਫੜਿਆ ਗਿਆ ਅੰਮ੍ਰਿਤਪਾਲ ਦਾ ਖਾਸਮ-ਖਾਸ ਪਪਲਪ੍ਰੀਤ

ਦੋ ਦਿਨ ਪਹਿਲਾਂ ਰਾਇਫਲ ਹੋਈ ਸੀ ਗਾਇਬ

ਪੰਜਾਬ ਪੁਲਸ ਸੂਤਰਾਂ ਮੁਤਾਬਕ ਦੋ ਦਿਨ ਪਹਿਲਾਂ ਇਕ ਰਾਇਫਲ ਅਤੇ 28 ਗੋਲ਼ੀਆਂ ਵੀ ਗਾਇਬ ਹੋਈਆਂ ਸਨ। ਇਸ ਘਟਨਾ ਦੇ ਪਿੱਛੇ ਆਰਮੀ ਦਾ ਹੀ ਕੋਈ ਵਿਅਕਤੀ ਹੋ ਸਕਦਾ ਹੈ। ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਤੇ ਫੌਜ ਵਲੋਂ ਮੁਲਜ਼ਮ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਪਪਲਪ੍ਰੀਤ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ, ਵੀਡੀਓ ’ਚ ਦੇਖੋ ਕੀ ਬੋਲਿਆ

ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਹੈ ਬਠਿੰਡਾ ਕੈਂਟ

ਬਠਿੰਡਾ ਕੈਂਟ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ। ਇਸ ਮਿਲਟਰੀ ਸਟੇਸ਼ਨ ਦੀ ਬਾਊਂਡਰੀ ਲਗਭਗ 45 ਕਿਲੋਮੀਟਰ ਦੀ ਹੈ। ਇਥੋਂ ਦਾ ਇਮਿਊਨੇਸ਼ਨ ਡਿਪੂ ਦੇਸ਼ ਦੇ ਸਭ ਤੋਂ ਵੱਡਾ ਡਿਪੂਆਂ ਵਿਚੋਂ ਇਕ ਹੈ। ਇਸ ਤੋਂ ਇਲਾਵਾ ਬਠਿੰਡਾ ਮਿਲਟਰੀ ਸਟੇਸ਼ਨ ਸ਼ਹਿਰ ਦੇ ਨਾਲ ਲੱਗਦਾ ਹੈ। ਇਹ ਇਕ ਪੁਰਾਣਾ ਅਤੇ ਬਹੁਤ ਵੱਡਾ ਮਿਲਟਰੀ ਸਟੇਸ਼ਨ ਹੈ। ਪਹਿਲਾਂ ਇਹ ਸ਼ਹਿਰ ਤੋਂ ਦੂਰ ਸੀ ਪਰ ਸ਼ਹਿਰ ਦੇ ਵਿਸਤਾਰ ਕਾਰਨ ਇਹ ਸ਼ਹਿਰ ਦੇ ਬਹੁਤ ਨੇੜੇ ਆ ਗਿਆ। ਵੈਸੇ ਤਾਂ ਇਸ ਸਟੇਸ਼ਨ ਦੀ ਸੁਰੱਖਿਆ ਲਈ ਆਮ ਤੌਰ 'ਤੇ ਜ਼ਬਰਦਸਤ ਪ੍ਰਬੰਧ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਅਫਸਰ ਮੈੱਸ ਦੇ ਅੰਦਰ ਹੋਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਮਰਨ ਵਾਲਿਆਂ ਵਿਚ ਸੈਨਿਕ ਵੀ ਸ਼ਾਮਲ ਹਨ ਜਾਂ ਨਹੀਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਪੀ. ਆਰ. ਟੀ. ਸੀ. ਬੱਸ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News