ਮਿਡ-ਡੇ ਮੀਲ ਯੂਨੀਅਨ ਦੀਆਂ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Saturday, Nov 11, 2017 - 01:41 AM (IST)

ਰਈਆ, (ਹਰਜੀਪ੍ਰੀਤ)- ਅੱਜ ਮਿਡ-ਡੇ ਮੀਲ ਯੂਨੀਅਨ ਵੱਲੋਂ ਕਸਬਾ ਰਈਆ ਵਿਖੇ ਯੂਨੀਅਨ ਦੀ ਸੂਬਾਈ ਆਗੂ ਮਮਤਾ ਸ਼ਰਮਾ ਦੀ ਅਗਵਾਈ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਰਕਰਾਂ ਦੇ ਮਿਹਨਤਾਨੇ 'ਚ 500 ਰੁਪਏ ਦਾ ਮਾਮੂਲੀ ਵਾਧਾ ਕਰ ਕੇ 1700 ਰੁਪਏ 'ਤੇ ਪ੍ਰਤੀ ਮਹੀਨਾ ਕੰਮ ਕਰਵਾ ਕੇ ਗਰੀਬ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਵਰਕਰਾਂ ਤੋਂ ਕੰਮ 11 ਮਹੀਨੇ ਕਰਵਾ ਰਹੀ ਹੈ ਅਤੇ ਵੇਤਨ 10 ਮਹੀਨੇ ਦਾ ਅਦਾ ਕਰ ਰਹੀ ਹੈ, ਜੋ ਕਿ ਬਹੁਤ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਦੇਖਣ 'ਚ ਆ ਰਿਹਾ ਹੈ ਕਿ ਮਹਿਕਮੇ ਦੀ ਨਾਲਾਇਕੀ ਕਰ ਕੇ ਦੂਸਰੇ ਵਿਭਾਗਾਂ ਦੀ ਤਰਜ਼ 'ਤੇ ਇਨ੍ਹਾਂ ਵਰਕਰਾਂ ਨੂੰ ਵੀ ਹਰ ਮਹੀਨੇ ਸਮੇਂ ਸਿਰ ਤਨਖਾਹ ਨਾ ਦੇ ਕੇ ਵਰਕਰਾਂ ਦੀ ਤਨਖਾਹ ਡਕਾਰਨ ਦਾ ਅਪਰਾਧ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 800 ਸਕੂਲ ਬੰਦ ਕਰਨ ਦਾ ਫੈਸਲਾ ਸਰਕਾਰ ਤੁਰੰਤ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਸਮੇਂ 'ਚ ਯੂਨੀਅਨ ਤਿੱਖੇ ਸੰਘਰਸ਼ ਲਈ ਤਿਆਰ ਹੈ। ਸਕੂਲਾਂ ਵਿਚ ਮਿਡ-ਡੇ ਮੀਲ ਦਾ ਖਾਣਾ ਬਣਾਉਣ ਲਈ ਗੈਸ ਸਿਲੰਡਰਾਂ ਦੀ ਘਾਟ ਕਰ ਕੇ ਵੀ ਉਨ੍ਹਾਂ ਨੇ ਵਿਭਾਗ ਅਤੇ ਸਰਕਾਰ ਨੂੰ ਦੋਸ਼ੀ ਠਹਿਰਾਇਆ।
ਇਸ ਮੌਕੇ ਨਰਿੰਦਰ ਕੌਰ, ਮੀਤਾ ਰਈਆ, ਗੁਰਮੀਤ ਕੌਰ ਰਈਆ, ਸਰਬਜੀਤ ਕੌਰ ਭੋਰਸ਼ੀ, ਮਨਜੀਤ ਕੌਰ ਫੇਰੂਮਾਨ, ਬਲਵਿੰਦਰ ਕੌਰ ਤਿੰਮੋਵਾਲ, ਹਰਜਿੰਦਰ ਕੌਰ ਗਹਿਰੀ, ਸੁਨੀਤਾ ਵਜ਼ੀਰ ਭੁੱਲਰ, ਬਲਵਿੰਦਰ ਕੌਰ ਲਿੱਧੜ ਆਦਿ ਹਾਜ਼ਰ ਸਨ।


Related News