ਮਿਡ-ਡੇਅ ਮੀਲ ਦੇ ਮੁਲਾਜ਼ਮਾਂ ਨੂੰ ਵੀ ਮਿਲੇਗੀ 10 ਦਿਨਾਂ ਦੀ ਅਚਨਚੇਤ ਛੁੱਟੀ
Thursday, Feb 28, 2019 - 09:22 AM (IST)
ਚੰਡੀਗੜ੍ਹ (ਭੁੱਲਰ) : ਪੰਜਾਬ 'ਚ ਮਿਡ-ਡੇਅ ਮੀਲ ਮੁਲਾਜ਼ਮਾਂ ਨੂੰ ਵੀ ਹੁਣ 10 ਦਿਨਾਂ ਦੀ ਅਚਨਚੇਤੀ ਛੁੱਟੀ ਦੀ ਸਹੂਲਤ ਮਿਲੇਗੀ। ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਮਿਡ-ਡੇਅ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ, ਜਨਰਲ ਸਕੱਤਰ ਕਮਲਜੀਤ ਕੌਰ ਅਤੇ ਵਿੱਤ ਸਕੱਤਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੰਗ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ 'ਚ ਕੀਤੀ ਸੀ ਅਤੇ ਇਸ ਸਬੰਧੀ ਸੂਬਾ ਪੱਧਰੀ ਰੈਲੀ ਵੀ ਕੀਤੀ ਸੀ। ਜਾਰੀ ਕੀਤੇ ਗਏ ਪੱਤਰ ਅਨੁਸਾਰ ਮਿਡ-ਡੇਅ ਮੀਲ ਸਕੀਮ ਅਧੀਨ ਕੰੰਮ ਕਰਦੀਆਂ ਕੁੱਕ ਹੈਲਪਰਾਂ ਨੂੰ ਕੈਲੰਡਰ ਸਾਲ 'ਚ 10 ਅਚਨਚੇਤ ਛੁੱਟੀਆਂ ਮਿਹਨਤਾਨੇ ਸਣੇ ਮਿਲਣਗੀਆਂ।
ਪੱਤਰ ਰਾਹੀਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਕੋਈ ਵੀ ਵਰਕਰ ਲਗਾਤਾਰ 3 ਛੁੱਟੀਆਂ ਤੋਂ ਵੱਧ ਅਤੇ ਮਹੀਨੇ 'ਚ 3 ਛੁੱਟੀਆਂ ਤੋਂ ਵੱਧ ਨਹੀਂ ਲਵੇਗਾ ਅਤੇ ਇਹ ਛੁੱਟੀਆਂ ਸਕੂਲ ਮੁਖੀ ਨੂੰ ਅਗਾਊਂ ਜਾਂ ਨਾ-ਟਾਲਣਯੋਗ ਹਾਲਾਤਾਂ 'ਚ ਫੋਨ ਰਾਹੀਂ ਲਈਆਂ ਜਾ ਸਕਦੀਆਂ ਹਨ। ਯੂਨੀਅਨ ਆਗੂਆਂ ਨੇ ਉਮੀਦ ਜ਼ਾਹਰ ਕੀਤੀ ਕਿ ਸਿੱਖਿਆ ਮੰਤਰੀ ਦੀ ਮੀਟਿੰਗ 'ਚ ਮਿਲੇ ਭਰੋਸੇ ਮੁਤਾਬਕ ਮਾਣਭੱਤੇ 'ਚ ਵਾਧੇ ਬਾਰੇ ਵੀ ਜਲਦੀ ਕਾਰਵਾਈ ਹੋਵੇਗੀ।