ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਪੰਜਾਬ ਦੀਆਂ 44 ਹਜ਼ਾਰ 900 ਮਿਡ-ਡੇ-ਮੀਲ ਵਰਕਰਾਂ

Saturday, Nov 25, 2017 - 08:20 AM (IST)

ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਪੰਜਾਬ ਦੀਆਂ 44 ਹਜ਼ਾਰ 900 ਮਿਡ-ਡੇ-ਮੀਲ ਵਰਕਰਾਂ

ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ  (ਪਵਨ, ਸੁਖਪਾਲ) - ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਜੋ ਮਿਡ-ਡੇ-ਮੀਲ ਵਰਕਰਾਂ ਬੱਚਿਆਂ ਲਈ ਮਿਡ-ਡੇ-ਮੀਲ ਸਕੀਮ ਅਧੀਨ ਦੁਪਹਿਰ ਦਾ ਖਾਣਾ ਬਣਾ ਰਹੀਆਂ ਹਨ, ਉਹ ਵਰਕਰਾਂ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਰਹੀਆਂ ਹਨ ਪਰ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਵੀ ਨਹੀਂ ਹੈ। ਜਦਕਿ ਆਪਣਾ ਹੱਕ ਲੈਣ ਲਈ ਇਹ ਮਿਡ-ਡੇ-ਮੀਲ ਵਰਕਰਾਂ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ 22 ਜ਼ਿਲਿਆਂ ਦੇ ਸਰਕਾਰੀ ਸਕੂਲਾਂ ਵਿਚ ਇਸ ਸਮੇਂ 44900 ਮਿਡ-ਡੇ-ਮੀਲ ਵਰਕਰਾਂ ਦੁਪਹਿਰ ਦਾ ਖਾਣਾ ਬੱਚਿਆਂ ਵਾਸਤੇ ਬਣਾ ਰਹੀਆਂ ਹਨ ਤੇ ਇਨ੍ਹਾਂ ਨੂੰ ਸਕੂਲਾਂ ਵਿਚ ਰੋਜ਼ਾਨਾ 5-6 ਘੰਟੇ ਕੰਮ ਕਰਨਾ ਪੈਂਦਾ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ 'ਤੇ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਇਹ ਕਹਿ ਕੇ ਲਾਗੂ ਨਹੀਂ ਕੀਤਾ ਜਾਂਦਾ ਕਿ ਇਹ ਪਾਰਟ ਟਾਈਮ ਵਰਕਰ ਹਨ।
ਸਿਰਫ 1200 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਸੀ
ਸਰਕਾਰ ਵੱਲੋਂ ਇਨ੍ਹਾਂ ਮਿਡ-ਡੇ-ਮੀਲ ਵਰਕਰਾਂ ਨੂੰ ਹੁਣ ਤੱਕ ਸਿਰਫ਼ 1200 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਸੀ ਤੇ ਹੁਣ ਪੰਜਾਬ ਸਰਕਾਰ ਨੇ 500 ਰੁਪਏ ਮਹੀਨਾ ਹੋਰ ਵਧਾਇਆ ਹੈ, ਜੋ ਇਨ੍ਹਾਂ ਵਰਕਰਾਂ ਨਾਲ ਕੋਝਾ ਮਜ਼ਾਕ ਹੈ। ਮਿਡ-ਡੇ-ਮੀਲ ਵਰਕਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਘੱਟੋਂ-ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ।
ਹੋਰਨਾਂ ਸੂਬਿਆਂ 'ਚ ਦਿੱਤੇ ਜਾਂਦੇ ਨੇ ਵੱਧ ਪੈਸੇ
ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਵਿਚ ਇਕ ਤਾਂ ਪੈਸੇ ਘੱਟ ਦਿੱਤੇ ਜਾਂਦੇ ਹਨ ਤੇ ਦੂਜਾ 12 ਮਹੀਨਿਆਂ ਦੀ ਥਾਂ ਸਾਲ ਵਿਚ ਪੈਸੇ ਵੀ 10 ਮਹੀਨਿਆਂ ਦੇ ਦਿੱਤੇ ਜਾਂਦੇ ਹਨ। ਮਿਡ-ਡੇ-ਮੀਲ ਵਰਕਰਾਂ ਦਾ ਦੋਸ਼ ਹੈ ਕਿ ਸਰਕਾਰ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਹੋਰਨਾਂ ਸੂਬਿਆਂ ਵਿਚ ਵਰਕਰਾਂ ਨੂੰ ਵੱਧ ਪੈਸੇ ਦਿੱਤੇ ਜਾਂਦੇ ਹਨ। ਤਾਮਿਲਨਾਡੂ ਵਿਚ ਮਿਡ-ਡੇ-ਮੀਲ ਤਿਆਰ ਕਰਨ ਵਾਲੇ ਕਾਮੇ 5500-7500 ਸਕੇਲ ਵਿਚ ਪੱਕੇ ਤੌਰ 'ਤੇ ਕੰਮ ਕਰਦੇ ਹਨ ਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦੇ ਹੱਕਦਾਰ ਹਨ। ਇਸ ਤੋਂ ਇਲਾਵਾ ਹਰਿਆਣਾ ਵਿਚ ਕੁੱਕ ਵਰਕਰਾਂ ਨੂੰ 2500 ਰੁਪਏ, ਕੇਰਲਾ ਵਿਚ 6000 ਰੁਪਏ ਅਤੇ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 9000 ਰੁਪਏ ਤੱਕ ਦਿੱਤੇ ਜਾ ਰਹੇ ਹਨ ਜਦਕਿ ਪੰਜਾਬ ਸਰਕਾਰ ਵੱਲੋਂ ਸਿਰਫ 1700 ਰੁਪਏ ਦਿੱਤੇ ਜਾਂਦੇ ਹਨ।
ਅੱਖਾਂ ਮੀਚੀ ਬੈਠੀ ਹੈ ਪੰਜਾਬ ਸਰਕਾਰ
ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਪ੍ਰਧਾਨ ਲਖਵਿੰਦਰ ਕੌਰ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਰਮਨਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮਿਡ-ਡੇ-ਮੀਲ ਕਾਮਿਆਂ ਦੀਆਂ ਮੰਗਾਂ ਪ੍ਰਤੀ ਅੱਖਾਂ ਮੀਚੀ ਬੈਠੀ ਹੈ, ਇਨ੍ਹਾਂ ਕਾਮਿਆਂ ਨੂੰ ਕੋਈ ਛੁੱਟੀ ਤੱਕ ਨਹੀਂ ਮਿਲਦੀ, ਖਤਰਨਾਕ ਹਾਲਾਤਾਂ ਵਿਚ ਕੰਮ ਕਰਦੇ ਹੋਣ ਦੇ ਬਾਵਜੂਦ ਇਨ੍ਹਾਂ ਕਾਮਿਆਂ ਦਾ ਕੋਈ ਬੀਮਾ ਵਗੈਰਾ ਨਹੀਂ ਕੀਤਾ ਜਾਂਦਾ ਨਾ ਹੀ ਕਿਸੇ ਕਿਸਮ ਦੀ ਵਰਦੀ ਦਿੱਤੀ ਜਾਂਦੀ ਹੈ। ਛੁੱਟੀ ਤੇ ਵਰਦੀ ਦਾ ਪ੍ਰਬੰਧ ਨਹੀਂ ਹੈ।


Related News