ਮੌਸਮ ਵਿਭਾਗ ਵਲੋਂ ‘ਯੈਲੋ ਅਲਰਟ’ ਜਾਰੀ ਕਰਨ ’ਤੇ ਕਿਸਾਨਾਂ ਦੀ ਨੀਂਦ ਉੱਡੀ

Monday, Apr 03, 2023 - 03:55 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਫਰਵਰੀ ਮਹੀਨੇ ਤੋਂ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਦੀਆ ਫਸਲਾਂ ਆਖਰੀ ਸਾਹਾਂ ’ਤੇ ਹਨ ਕਿਉਂਕਿ ਭਾਰੀ ਮੀਂਹ, ਝੱਖੜ ਅਤੇ ਗੜਿਆਂ ਨੇ ਇੰਨੀ ਬਰਬਾਦੀ ਕੀਤੀ ਕਿ ਜ਼ਮੀਨ ’ਤੇ ਵਿਛੀਆਂ ਕਣਕਾਂ ਦੇ ਸਿੱਟਿਆਂ ’ਚ ਮੁੜ ਕਣਕ ਦੇ ਦਾਣੇ ਪੁੰਗਰਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦੇ ਸਾਹ ਤਾਂ ਪਹਿਲਾਂ ਹੀ ਸੂਤੇ ਪਏ ਹਨ, ਉੱਪਰੋਂ ਮੌਸਮ ਵਿਭਾਗ ਵਲੋਂ ‘ਯੈਲੋ ਅਲਰਟ’ ਜਾਰੀ ਕਰਨ ’ਤੇ ਕਿਸਾਨਾਂ ਦੀ ਨੀਂਦ ਉੱਡ ਗਈ ਹੈ ਕਿਉਂਕਿ ਜੇਕਰ ਕੁਦਰਤੀ ਕਰੋਪੀ ਦੌਰਾਨ ਗੜ੍ਹੇਮਾਰੀ ਤੇ ਭਾਰੀ ਬਾਰਿਸ਼ ਫਿਰ ਹੁੰਦੀ ਹੈ ਤਾਂ ਖਾਣ ਵਾਸਤੇ ਇਕ ਵੀ ਦਾਣਾ ਨਹੀਂ ਬਚਣਾ। ਸਿਆਣੇ ਆਖਦੇ ਹਨ ਕਿ ਅਨਾਜ ਦਾ ਬਰਬਾਦ ਹੋ ਜਾਣਾ ਹੀ ਕਾਲ ਦੀ ਨਿਸ਼ਾਨੀ ਹੁੰਦੀ ਹੈ। ਜੇਕਰ ਕੁਦਰਤ ਦੀ ਕਰੋਪੀ ਤੇ ਝਾਤ ਮਾਰੀਏ ਤਾਂ ਫਰਵਰੀ ਦੇ ਮਹੀਨੇ ’ਚ ਜਿੱਥੇ ਭਾਰੀ ਠੰਡ ਪੈਣ ਦੀ ਸੰਭਾਵਨਾ ਹੁੰਦੀ ਹੈ ਅਤੇ ਭਾਰੀ ਕੋਰੇ ਨਾਲ ਕਣਕ ਨੂੰ ਝਾੜ ਮਿਲਦਾ ਹੈ, ਉੁਦੋਂ ਮੌਸਮ ਗਰਮ ਹੋ ਗਿਆ ਸੀ ਕਿ ਲੋਕਾਂ ਨੂੰ ਪੱਖੇ ਚਲਾਉਣੇ ਪੈ ਗਏ ਸਨ ਅਤੇ ਅਚਾਨਕ ਤਾਪਮਾਨ ਵਧਣ ਕਾਰਨ ਕਣਕ ਦੇ ਸਿੱਟਿਆਂ ’ਚ ਪਿਆ ਦੁੱਧ ਇਕਦਮ ਸੁੱਕਣ ਲੱਗ ਪਿਆ ਸੀ, ਜਿਸ ਕਾਰਨ ਕਣਕ ਦਾ ਝਾੜ ਘਟਣਾ ਸੰਭਵ ਹੋ ਗਿਆ ਸੀ ਪਰ ਡਾਢੇ ਅੱਗੇ ਕਿਸ ਦਾ ਜ਼ੋਰ ਚੱਲਦਾ, ਕੁਦਰਤ ਨੇ ਐਸੀ ਮਾਰ ਮਾਰਚ ’ਚ ਮਾਰੀ ਕਿ ਜਦ ਕਣਕ ਪੱਕਣ ’ਤੇ ਆ ਗਈ ਅਤੇ ਸੋਨੇ ਰੰਗੀ ਬਣਨ ਲੱਗੀ ਤਾਂ ਮੀਂਹ ਝੱਖੜ ਅਤੇ ਗੜਿਆਂ ਨੇ ਪਾਲੀ ਪੋਸੀ ਕਣਕ ਖੇਤਾਂ ’ਚ ਵਿਛਾ ਦਿੱਤੀ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਵਲੋਂ ਪਾਰਟੀ ਆਗੂਆਂ ਨੂੰ ਸੂਰਤ ਬੁਲਾਉਣ ਦੀ ਵਜ੍ਹਾ ਨਾਲ ਪੈਂਡਿੰਗ ਹੋਇਆ ਕਾਂਗਰਸ ਦਾ ਰੋਸ ਮਾਰਚ

ਕਿਸਾਨਾਂ ਨੇ ਧਰਵਾਸ ਰੱਖਿਆ ਤੇ ਸੱਤਾਧਾਰੀ ਸਰਕਾਰ ਨੇ ਵੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਲਈ ਹੁਕਮ ਜਾਰੀ ਕਰ ਦਿੱਤੇ ਪਰ ਹੁਣ ਕਣਕ ਦੀ ਐਨੀ ਮਾੜੀ ਦੁਰਦਸ਼ਾ ਹੋ ਗਈ ਹੈ ਕਿ ਵਿਛੀ ਕਣਕ ਦੇ ਸਿੱਟੇ ਵੀ ਮੁੜ ਪੁੰਗਰਣ ਲੱਗ ਪਏ ਹਨ। ਜੇਕਰ ਮੌਸਮ ਵਿਭਾਗ ਦੀ ਸੂਚਨਾ ਸੱਚੀ ਹੋ ਗਈ ਤਾਂ ਕੁਦਰਤ ਦੀ ਐਸੀ ਮਾਰ ਪੈਣੀ ਹੈ ਕਿ ਖੇਤਾਂ ’ਚੋਂ ਇਕ ਦੀ ਦਾਣਾ ਖਾਣ ਨੂੰ ਨਹੀਂ ਮਿਲਣਾ।

PunjabKesari

ਕੁਦਰਤ ਦੀ ਮਾਰ ਨੇ ਆਲੂਆਂ ਵਾਲੇ ਕਿਸਾਨ ਵੀ ਰੋਲ ਕੇ ਰੱਖ ਦਿੱਤੇ ਹਨ ਅਜੇ ਵੀ 2 ਫੀਸਦੀ ਆਲੂ ਕਿਸਾਨਾਂ ਦੇ ਪੁੱਟਣ ਵਾਲੇ ਪਏ ਹਨ ਅਤੇ ਜਿਹੜੇ ਪੁੱਟੇ ਹਨ, ਉਹ ਵੀ ਖੇਤਾਂ ’ਚ ਰੁਲ ਰਹੇ ਹਨ। ਬੇਮੌਸਮੀ ਬਰਸਾਤ ਨੇ ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਜੇਕਰ ਮੌਸਮ ਦੀ ਐਸੀ ਮਾਰ ਪੈਂਦੀ ਰਹੀ ਤਾਂ ਕਿਸਾਨਾਂ ਦੀ ਬਾਂਹ ਕੌਣ ਫੜੂ, ਜਿਹੜੇ ਕਿਰਤੀ ਕਿਸਾਨਾਂ ਨੇ ਠੇਕਿਆਂ ’ਤੇ ਜ਼ਮੀਨਾਂ ਲੈ ਕੇ ਕਾਸ਼ਤਾਂ ਕੀਤੀਆਂ ਹਨ, ਉਨ੍ਹਾਂ ਦਾ ਠੇਕਾ ਕਿਵੇਂ ਚਕਾਉਣਗੇ? ਜਦਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੋਂ ਦਾ ਹਰ ਵਪਾਰੀ ਅਤੇ ਹਰ ਵਰਗ ਕਿਸਾਨੀ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ : ਅਸੀਂ ਦੂਜੀਆਂ ਪਾਰਟੀਆਂ ਵਾਂਗ ਸਿਆਸਤ ਦਾ ਕਾਰੋਬਾਰ ਨਹੀਂ ਕਰਦੇ, ਲੋਕ ਭਲਾਈ ਦੇ ਕੰਮ ਕਰਦੇ ਹਾਂ : ਭਗਵੰਤ ਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News