ਕ੍ਰਿਸਮਸ ਦੇ ਤਿਉਹਾਰ ਮੌਕੇ ਲੱਗੀਆਂ ਰੌਣਕਾਂ, ਦੁਲਹਨ ਵਾਂਗ ਸਜੀ 'ਚਰਚ' (ਤਸਵੀਰਾਂ)
Tuesday, Dec 25, 2018 - 12:20 PM (IST)

ਰੂਪਨਗਰ (ਸੱਜਣ ਸੈਣੀ)— ਜਿੱਥੇ ਅੱਜ ਪੂਰੀ ਦੁਨੀਆ 'ਚ ਪ੍ਰਭੂ ਈਸਾ ਮਸੀਹ ਦਾ ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਵਿਖੇ ਕ੍ਰਿਸ਼ਚਨ ਭਾਈਚਾਰੇ ਵੱਲੋਂ ਗੁਡ ਸ਼ੈਫਰਡ ਚਰਚ ਕੋਟਲਾ ਨਿਹੰਗ 'ਚ ਰਾਤ ਨੂੰ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਫਾਦਰ ਕੇਪੀ ਜੋਰਜ ਸਮੇਤ ਦੋ ਹੋਰ ਫਾਦਰਾਂ ਵੱਲੋਂ ਇਸ ਸਮਾਗਮ ਦੀ ਅਗਵਾਈ ਕੀਤੀ ਗਈ ਅਤੇ ਬੱਚਿਆਂ ਵੱਲੋਂ ਪ੍ਰਭੂ ਈਸਾ ਮਸੀਹ ਦੇ ਜਨਮ ਸਬੰਧੀ ਤਿਆਰ ਕੀਤੇ ਸ਼ਬਦ ਗਾਇਨ ਕਰਕੇ ਮਾਹੌਲ ਨੂੰ ਧਾਰਮਿਕ ਰੰਗ 'ਚ ਰੰਗ ਦਿੱਤਾ।
ਇਸ ਸਮਾਗਮ 'ਚ ਹੋਲੀ ਫੈਮਲੀ ਕਾਨਵੈਟ ਦੀਆਂ ਸਮੂਹ ਸਿਸਟਰਾਂ ਸਮੇਤ ਇਲਾਕੇ ਦੇ ਕ੍ਰਿਸ਼ਚਨ ਭਾਈਚਾਰੇ ਦੇ ਸ਼ਰਧਾਲੂ ਸ਼ਾਮਲ ਹੋਏ ਅਤੇ ਪ੍ਰਭੂ ਈਸਾ ਮਸੀਹ ਦਾ ਗੁਣਗਾਣ ਕੀਤਾ। ਸਮਾਗਮ ਦੀ ਸਮਾਪਤੀ ਰਾਤ 12 ਵਜੇ ਹੋਈ। ਇਸ ਉਪਰੰਤ ਫਾਦਰ ਅਤੇ ਸਿਸਟਰਜ਼ ਵੱਲੋਂ ਇਕ ਦੂਜੇ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਅਤੇ ਕੇਟ ਕੱਟ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਝੀਆਂ ਕੀਤੀਆਂ।
ਕ੍ਰਿਸਮਸ ਲਈ ਚਰਚ ਨੂੰ ਦੀਪ ਮਾਲਾ ਕਰਕੇ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਅੱਜ ਦਿਨ 'ਚ ਵੀ ਗੁਡ ਸ਼ੈਫਰਡ ਚਰਚ ਵਿਖੇ ਧਾਰਮਿਕ ਸਮਾਗਮ ਜਾਰੀ ਰਹਿਣਗੇ ਅਤੇ ਸ਼ਰਧਾਲੂਆਂ ਲਈ ਖਾਸ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।