1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਗੋਲਡੀ ਬਰਾੜ ਗਿਰੋਹ ਦਾ ਇਕ ਮੈਂਬਰ ਚੜ੍ਹਿਆ ਪੁਲਸ ਹੱਥੇ
Saturday, Oct 15, 2022 - 10:08 AM (IST)

ਬਠਿੰਡਾ (ਵਰਮਾ) - ਬਠਿੰਡਾ ਪੁਲਸ ਨੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਗਿਰੋਹ ਦੇ ਮੈਂਬਰ, ਜੋ ਕਤਲ ਕੇਸ ਵਿਚ ਭਗੌੜਾ ਸੀ ਅਤੇ ਬਠਿੰਡਾ ਦੇ ਕਾਰੋਬਾਰੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਬਠਿੰਡਾ ਪੁਲਸ ਨੇ ਦੱਸਿਆ ਕਿ 19 ਸਤੰਬਰ ਨੂੰ ਗੁਰੂ ਗੋਬਿੰਦ ਸਿੰਘ ਰਾਮਾਂ ਰਿਫਾਈਨਰੀ ਦੇ ਠੇਕੇਦਾਰ ਅਤੇ ਕਾਰੋਬਾਰੀ ਅੰਕਿਤ ਗੋਇਲ ਵਾਸੀ ਰਾਮਾਂ ਮੰਡੀ ਨੂੰ ਵਟਸਐਪ ’ਤੇ ਕਾਲ ਕਰ ਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਸਬੰਧ ’ਚ ਪੁਲਸ ਨੇ ਬਠਿੰਡਾ ਦੇ ਪੱਕਾ ਕਲਾਂ ਵਾਸੀ ਹਾਲ ਆਬਾਦ ਰਾਜਸਥਾਨ ਬਲਜਿੰਦਰ ਸਿੰਘ ਉਰਫ਼ ਬਾਬਾ ਨੂੰ ਕਾਬੂ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ : ਪਾਕਿ ਡਰੋਨਾਂ ਰਾਹੀਂ ਪੰਜਾਬ ’ਚ ਪੁੱਜੇ ਵਿਦੇਸ਼ੀ ਹਥਿਆਰ ਦੇ ਰਹੇ ਨੇ ਖ਼ਤਰਨਾਕ ਸੰਕੇਤ, ਵਾਪਰ ਸਕਦੀ ਹੈ ਕੋਈ ਵਾਰਦਾਤ
ਬਲਜਿੰਦਰ ਸਿੰਘ ਉਰਫ ਬਾਬਾ ਨੇ ਵਿਦੇਸ਼ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਗੁੰਡਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਸ਼ੁੱਕਰਵਾਰ ਨੂੰ ਐੱਸ.ਐੱਸ.ਪੀ. ਜੇ. ਇਨਲਚੇਜੀਅਨ ਨੇ ਦੱਸਿਆ ਕਿ ਗੈਂਗਸਟਰ ਮਨਪ੍ਰੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਮੁਲਜ਼ਮ ਬਲਜਿੰਦਰ ਸਿੰਘ ਬਾਬਾ ਬਾਰੇ ਜਾਣਕਾਰੀ ਮਿਲੀ ਹੈ। ਉਸ ਨੇ ਦੱਸਿਆ ਕਿ ਮੁਲਜ਼ਮ ਬਾਬਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਦਾ ਵਸਨੀਕ ਹੈ ਪਰ ਪੱਕਾ ਕਲਾਂ ਵਿਚ ਕਿਸੇ ਕੇਸ ਕਾਰਨ ਕੁਝ ਸਾਲ ਪਹਿਲਾਂ ਪਿੰਡ ਛੱਡ ਕੇ ਰਾਜਸਥਾਨ ਚਲਾ ਗਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਹ ਗੈਂਗਸਟਰ ਗੋਲਡੀ ਬਰਾੜ ਗੈਂਗ ਨਾਲ ਜੁੜਿਆ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ
ਬਠਿੰਡਾ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਬਲਜਿੰਦਰ ਸਿੰਘ ਉਰਫ਼ ਬਾਬਾ ਰਾਜਸਥਾਨ ਵਿਚ ਮੌਜੂਦ ਹੈ। ਸਪੈਸ਼ਲ ਸਟਾਫ਼ ਦੀ ਟੀਮ ਨੇ ਰਾਜਸਥਾਨ ਜਾ ਕੇ 10 ਅਕਤੂਬਰ ਨੂੰ ਮੁਲਜ਼ਮ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਸ਼ੀ ਬਾਬਾ ਰਾਜਸਥਾਨ ਦੇ ਜੈਪੁਰ ਦੇ ਇਕ ਬਿਲਡਰ ਦੇ ਕਤਲ ’ਚ ਭਗੌੜਾ ਹੈ ਅਤੇ ਉਸ ਖ਼ਿਲਾਫ਼ ਥਾਣਾ ਬਾਣੀ ਪਾਰਕ ਜੈਪੁਰ ’ਚ ਮਾਮਲਾ ਵੀ ਦਰਜ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਬਾਬਾ ਥਾਣਾ ਸੰਗਤ ’ਚ ਦਰਜ ਇਕ ਕੇਸ ਵਿਚ ਭਗੌੜਾ ਸੀ। ਇਸ ਮਾਮਲੇ ’ਚ ਪੁੱਛਗਿੱਛ ਜਾਰੀ ਹੈ। ਬਾਬਾ ਵਿਦੇਸ਼ ’ਚ ਬੈਠੇ ਜਗਦੀਪ ਸਿੰਘ ਰਾਹੀਂ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ’ਚ ਸੀ।