ਹੰਗਾਮੇਦਾਰ ਹੋਵੇਗੀ ਅੱਜ ਹੋਣ ਵਾਲੀ ਕੌਂਸਲਰ ਹਾਊਸ ਦੀ ਬੈਠਕ

Monday, Jun 25, 2018 - 07:02 AM (IST)

ਹੰਗਾਮੇਦਾਰ ਹੋਵੇਗੀ ਅੱਜ ਹੋਣ ਵਾਲੀ ਕੌਂਸਲਰ ਹਾਊਸ ਦੀ ਬੈਠਕ

ਜਲੰਧਰ, (ਖੁਰਾਣਾ)- ਸੋਮਵਾਰ 25 ਜੂਨ ਨੂੰ ਹੋਣ ਜਾ ਰਹੀ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਲਖਬੀਰ ਬਾਜਵਾ ਸਮੇਤ ਕੁਝ ਹੋਰ ਕਾਂਗਰਸੀ ਕੌਂਸਲਰ ਵਰਿਆਣਾ ਡੰਪ ਦੇ ਨੇੜਲੀ ਜ਼ਮੀਨ ਖਰੀਦ ਦਾ ਮਤਾ ਅਤੇ ਉਥੇ ਪਲਾਂਟ ਲਗਾਉਣ ਦੀਆਂ ਤਿਆਰੀਆਂ ਦਾ ਵਿਰੋਧ ਕਰ ਸਕਦੇ ਹਨ।
ਸਫਾਈ ਵਿਵਸਥਾ ਦੇ ਮਾਮਲੇ ਵਿਚ ਸ਼ਹਿਰ ਦੀ ਬਦਹਾਲ ਸਥਿਤੀ 'ਤੇ ਕੌਂਸਲਰ ਹੰਗਾਮਾ ਕਰ ਸਕਦੇ ਹਨ। ਸਫਾਈ ਕਰਮਚਾਰੀਆਂ ਦੀ ਵੰਡ ਸੰਬੰਧੀ ਕੌਂਸਲਰ ਹਾਊਸ ਵਿਚ ਹੰਗਾਮਾ ਮਚ ਸਕਦਾ ਹੈ।
ਕਾਂਗਰਸੀ ਕੌਂਸਲਰ ਨੂੰ ਠੰਡਾ ਕਰ ਦਿੱਤਾ ਗਿਆ
ਮੇਅਰ ਜਗਦੀਸ਼ ਰਾਜ ਰਾਜਾ ਨੇ ਕੂਟਨੀਤਿਕ ਚਾਲ ਚੱਲਦਿਆਂ ਸਫਾਈ ਵਿਵਸਥਾ ਦੇ ਮਾਮਲੇ ਵਿਚ ਨਾਰਾਜ਼ ਕਾਂਗਰਸੀ ਕੌਂਸਲਰਾਂ ਨੂੰ ਠੰਡਾ ਕਰਨ ਲਈ ਚਾਰੋਂ ਵਿਧਾਨ ਸਭਾ ਖੇਤਰਾਂ 'ਚ ਵੱਖ-ਵੱਖ ਮੀਟਿੰਗ ਕਰ ਕੇ ਕੌਂਸਲਰਾਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਮੀਟਿੰਗਾਂ ਵਿਚ ਵਿਧਾਇਕ ਵੀ ਮੌਜੂਦ ਰਹੇ, ਜਿਸ ਕਾਰਨ ਪੂਰੇ ਮਾਮਲੇ ਦੀ ਜਾਣਕਾਰੀ ਹੁਣ ਵਿਧਾਇਕਾਂ ਨੂੰ ਵੀ ਹੈ। ਹਾਊਸ ਦੀ ਬੈਠਕ ਦੌਰਾਨ ਮੇਅਰ ਇਸ ਮਾਮਲੇ ਨੂੰ ਵਿਧਾਇਕਾਂ ਦੀ ਜਾਣਕਾਰੀ 'ਚ ਹੋਣ ਦਾ ਹਵਾਲਾ ਦੇ ਕੇ ਟਾਲ ਸਕਦੇ ਹਨ। 
ਵਿਰੋਧੀ ਧਿਰ ਨੇ ਬਣਾਈ ਰਣਨੀਤੀ ਕਾਲੀਆ ਤੇ ਰਾਠੌਰ ਨੇ ਦਿੱਤੇ ਟਿਪਸ
ਮੁੱਖ ਵਿਰੋਧੀ ਧਿਰ ਭਾਜਪਾ ਦੇ ਕੌਂਸਲਰਾਂ ਨੇ ਅੱਜ ਕੌਂਸਲਰ ਹਾਊਸ ਦੀ ਬੈਠਕ ਦੇ ਮੱਦੇਨਜ਼ਰ ਇਕ ਮੀਟਿੰਗ ਕੀਤੀ, ਜੋ 1 ਘੰਟਾ ਚੱਲੀ। ਮੀਟਿੰਗ ਦੌਰਾਨ ਸਾਬਕਾ ਲੋਕਲ ਬਾਡੀਜ਼ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਮੇਅਰ ਰਾਕੇਸ਼ ਰਾਠੌਰ, ਪੰਜਾਬ ਭਾਜਪਾ ਉਪ ਪ੍ਰਧਾਨ ਮਹਿੰਦਰ ਭਗਤ ਅਤੇ ਜ਼ਿਲਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ਵੀ ਮੌਜੂਦ ਹੋਏ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਹਾਊਸ ਵਿਚ ਸਫਾਈ ਵਿਵਸਥਾ, ਸੀਵਰੇਜ, ਵਾਟਰ ਸਪਲਾਈ ਜਿਹੇ ਮੁੱਦਿਆਂ 'ਤੇ ਮੇਅਰ ਨੂੰ ਘੇਰਿਆ ਜਾਵੇਗਾ। ਪੁਰਾਣੇ ਸਵਾਲਾਂ ਦੇ ਜਵਾਬ ਮੰਗੇ ਜਾਣਗੇ ਅਤੇ ਸਲਾਟਰ ਹਾਊਸ ਨੂੰ ਗਦਈਪੁਰ ਵਿਚ ਲਾਉਣ ਦਾ ਵਿਰੋਧ ਹੋਵੇਗਾ। ਇਸ ਤੋਂ ਇਲਾਵਾ ਮਹਿੰਗੇ ਫੁੱਟਓਵਰ ਬ੍ਰਿਜ ਬਣਾਉਣ ਦਾ ਵੀ ਵਿਰੋਧ ਵਿਰੋਧੀ ਧਿਰ ਵੱਲੋਂ ਕੀਤਾ ਜਾਵੇਗਾ। ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਵੀ ਵਿਰੋਧੀ ਧਿਰ ਉਠਾਏਗੀ।


Related News