ਕੈਪਟਨ ਸਰਕਾਰ ਵੱਲੋਂ ਪੰਜਾਬ ''ਚ 16.29 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਝੂਠ ਦਾ ਪੁਲੰਦਾ : ਮੀਤ ਹੇਅਰ

Thursday, Jun 24, 2021 - 10:16 AM (IST)

ਕੈਪਟਨ ਸਰਕਾਰ ਵੱਲੋਂ ਪੰਜਾਬ ''ਚ 16.29 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਝੂਠ ਦਾ ਪੁਲੰਦਾ : ਮੀਤ ਹੇਅਰ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਨੌਜਵਾਨ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਪ ਆਗੂ ਵਕੀਲ ਦਿਨੇਸ਼ ਚੱਢਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ 16 ਲੱਖ, 29 ਹਜਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉੁਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਭਰ ਵਿਚ ਨੌਕਰੀਆਂ ਦੇਣ ਦੇ ਮਸ਼ਹੂਰੀ ਬੋਰਡ ਲਾ ਕੇ ਪੰਜਾਬ ਵਾਸੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕੀਤਾ, ਜਿਸ ਦਾ ਹਿਸਾਬ ਪੰਜਾਬ ਵਾਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਰੂਰ ਲੈਣਗੇ। ਬੁੱਧਵਾਰ ਨੂੰ ਵਿਧਾਇਕ ਮੀਤ ਹੇਅਰ ਨੇ ਆਰ. ਟੀ. ਆਈ. ਐਕਟ ਅਧੀਨ ਪ੍ਰਾਪਤ ਕੀਤੀ ਜਾਣਕਾਰੀ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਕਿ ਡਾਇਰੈਕਟਰ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਘਰ-ਘਰ ਰੁਜ਼ਗਾਰ ਦੇਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਦੇ 16 ਲੱਖ, 29 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਵਿਚ 9 ਲੱਖ, 97 ਹਜ਼ਾਰ 319 ਤਾਂ ਸਿਰਫ਼ ਕਰਜ਼ਾ ਬੈਂਕਾਂ ਦੇ ਕਰਜ਼ੇ ਦਿਖਾਏ ਗਏ ਹਨ।

ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਕੈਪਟਨ 'ਤੇ ਗਰਮ, ਸਿੱਧੂ 'ਤੇ ਨਰਮ, 18 ਨਿਰਦੇਸ਼ਾਂ ਦੀ ਸੂਚੀ ਲੈ ਪਰਤੇ ਮੁੱਖ ਮੰਤਰੀ

ਜਦੋਂ ਕਿ ਕੈਪਟਨ ਸਰਕਾਰ ਇਸ ਦਾਅਵੇ ਵਿਚ ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਸਕਿੱਲ ਵਿਕਾਸ ਮਿਸ਼ਨ ਅਤੇ ਵੱਖ-ਵੱਖ ਕਾਲਜਾਂ ਦੀਆਂ ਪਲੇਸਮੈਂਟਸ ਵਿਚ ਬੈਠੇ ਵਿਦਿਆਰਥੀਆਂ ਦੀ ਗਿਣਤੀ ਵੀ ਸ਼ਾਮਲ ਕੀਤੀ ਗਈ ਹੈ। ਹੋਰ ਤਾਂ ਹੋਰ 16 ਲੱਖ ਨੌਕਰੀਆਂ ਦੇ ਦਾਅਵੇ ਵਿਚ ਫ਼ੌਜ ਵਿਚ ਭਰਤੀ ਹੋਏ ਨੌਜਵਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਇਸ ਸਭ ਤੋਂ ਵੱਡੇ ਝੂਠ ਦੀ ਪੋਲ ਸ਼ਰੇਆਮ ਖੁੱਲ੍ਹ ਗਈ ਹੈ। ਉਨ੍ਹਾਂ ਅੱਗੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਰੁਜ਼ਗਾਰ ਮਹਿਕਮੇ ਨੇ 16 ਲੱਖ ਨੌਕਰੀਆਂ ਹਾਸਲ ਕਰਨ ਵਾਲੇ ਪੰਜਾਬੀਆਂ ਦੇ ਨਾਂਅ ਜਨਤਕ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਕਿਉਂਕਿ ਜਨਤਕ ਕਰਨ ਨਾਲ ਇਹ ਚੋਰੀ ਫੜ੍ਹੀ ਜਾਵੇਗੀ।

ਇਹ ਵੀ ਪੜ੍ਹੋ : ਅੱਗ ਵਰ੍ਹਾਉਂਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਬੁਰੀ ਖ਼ਬਰ! ਇਸ ਗੰਭੀਰ ਸੰਕਟ ਦਾ ਡਰ

ਮੀਤ ਹੇਅਰ ਦੱਸਿਆ ਕਿ ਰੁਜ਼ਗਾਰ ਮਹਿਕਮੇ ਨੇ ਆਰ. ਟੀ. ਆਈ. ਅਧੀਨ ਜਾਣਕਾਰੀ ਵਿਚ ਖ਼ੁਦ ਹੀ ਕੈਪਟਨ ਅਮਰਿੰਦਰ ਸਿੰਘ ਦੇ ਘਰ-ਘਰ ਰੁਜ਼ਗਾਰ ਨੂੰ ‘ਲਾਰਾ’ ਦੱਸਿਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਵੀ ਮੰਨਦੀ ਹੈ ਕਿ ਘਰ-ਘਰ ਰੁਜ਼ਗਾਰ ਦੇਣ ਦਾ ਕਾਂਗਰਸ ਪਾਰਟੀ ਨੇ ਨੌਜਵਾਨਾਂ ਨੂੰ ‘ਸਿਆਸੀ ਜੁਮਲੇ’ ਦੀ ਤਰ੍ਹਾਂ ‘ਸਿਆਸੀ ਲਾਰਾ’ ਹੀ ਲਾਇਆ ਸੀ। ਮੀਤ ਹੇਅਰ ਨੇ ਦੱਸਿਆ ਕਿ ਭਾਵੇਂ ਕਿ ਕੈ. ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਲੱਖਾਂ ਲੋਕਾਂ ਦੇ ਰੁਜ਼ਗਾਰ ਕਾਰਡ ਬਣਾ ਕੇ ਉਨ੍ਹਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦੇ ਸੁਫ਼ਨੇ ਦਿਖਾਏ ਸਨ, ਪਰ ਆਰ. ਟੀ. ਆਈ. ਅਧੀਨ ਮਿਲੀ ਜਾਣਕਾਰੀ ਅਨੁਸਾਰ ਸਾਲ 17 ਵਿਚ 134, ਸਾਲ 18 ਵਿਚ 212, ਸਾਲ 19 ਵਿਚ 97 ਅਤੇ ਸਾਲ 20 ਵਿਚ ਕੇਵਲ 42 ਵਿਅਕਤੀਆਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਹੈ। ਮੀਤ ਹੇਅਰ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਕਿ ਜੇ ਕਾਂਗਰਸ ਸਰਕਾਰ ਨੇ ਪੰਜਾਬ ਦੇ 16 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਤਾਂ ਨੌਕਰੀਆਂ ਦੇਣ ਦੀ ਸਾਰੀ ਜਾਣਕਾਰੀ ਸਰਕਾਰੀ ਵੈੱਬਸਾਈਟ ’ਤੇ ਜਨਤਕ ਕਰੇ ਤਾਂ ਜੋ ਲੋਕਾਂ ਨੂੰ ਨੌਕਰੀਆਂ ਦੇਣ ਦੇ ਸੱਚ ਦਾ ਪਤਾ ਲੱਗ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News