ਮੀਤ ਹੇਅਰ ਵੱਲੋਂ ਜਲ ਸ੍ਰੋਤ ਵਿਭਾਗ ਦੇ ਚੱਲ ਰਹੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ
Wednesday, Jan 11, 2023 - 05:33 PM (IST)
ਚੰਡੀਗੜ੍ਹ : ਸੂਬੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਅਤੇ ਇਨ੍ਹਾਂ ਦੇ ਫੰਡਾਂ ਦੀ ਢੁਕਵੀਂ ਅਤੇ ਸੁਚੱਜੀ ਵਰਤੋਂ ਕਰਨਾ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਇਨ੍ਹਾਂ ਕੰਮਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਅਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਜਲ ਸ੍ਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਅਲਾਟ ਹੋਏ ਜਲ ਸਰੋਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਕੀਤੀ ਪਲੇਠੀ ਮੀਟਿੰਗ ਮੌਕੇ ਕੀਤਾ। ਮੀਟਿੰਗ ਵਿਚ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ, ਕੰਢੀ ਨਹਿਰ, ਰਾਜਸਥਾਨ ਫੀਡਰ, ਸਰਹਿੰਦ ਫੀਡਰ ਅਤੇ ਲਾਹੌਰ ਬ੍ਰਾਂਚ ਦੀ ਲਾਈਨਿੰਗ ਨਾਲ ਸਬੰਧਤ ਪ੍ਰਮੁੱਖ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੀਤ ਹੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਇਨ੍ਹਾਂ ਮਹੱਤਵਪੂਰਨ ਕਾਰਜਾਂ ਦਾ ਲਾਭ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਇਆ ਜਾ ਸਕੇ।
ਵਿਕਾਸ ਕਾਰਜਾਂ ਲਈ ਬਜਟ ਦੀ ਵਰਤੋਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਫੰਡਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਜਲਸ੍ਰੋਤ ਮੰਤਰੀ ਨੇ ਪੰਜਾਬ ਜਲ ਸ੍ਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਗਈ ਕਿ ਜਲ ਸ੍ਰੋਤਾਂ ਦੇ ਕੰਢਿਆਂ ਦੀ ਮੁਰੰਮਤ ਸਬੰਧੀ ਕਾਰਜਾਂ ਵਿਚ ਕਮੀ ਪਾਈ ਗਈ ਹੈ ਅਤੇ ਐੱਮ. ਡੀ. ਪੀ. ਡਬਲਯੂ. ਆਰ. ਐੱਮ. ਡੀ. ਸੀ. ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਸਾਰੇ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਚੀਫ ਇੰਜੀਨੀਅਰ ਡਰੇਨੇਜ-ਕਮ-ਮਾਈਨਿੰਗ ਐੱਨ. ਕੇ. ਜੈਨ, ਚੀਫ ਇੰਜੀਨੀਅਰ ਨਹਿਰਾਂ ਸ਼ਮੀ ਸਿੰਗਲਾ, ਚੀਫ ਇੰਜੀਨੀਅਰ ਵਿਜੀਲੈਂਸ ਐਂਡ ਡਿਜ਼ਾਈਨ ਵਾਟਰ ਸਿਸਟਮ ਪਵਨ ਕਪੂਰ, ਐੱਮ. ਡੀ. ਪੀ. ਡਬਲਯੂ. ਆਰ. ਐੱਮ. ਡੀ. ਸੀ. ਹਰਿੰਦਰਪਾਲ ਸਿੰਘ ਬੇਦੀ, ਐਕਸੀਅਨ ਡੈਮ ਦਿਲਪ੍ਰੀਤ ਸਿੰਘ ਹਾਜ਼ਰ ਸਨ।