ਮੀਨਾ ਬਾਜ਼ਾਰ ਦੇ ਦੁਕਾਨਦਾਰ ਕਬਜ਼ੇ ਛੱਡਣ ਨੂੰ ਤਿਆਰ ਨਹੀਂ

Saturday, Feb 24, 2018 - 11:03 AM (IST)

ਮੀਨਾ ਬਾਜ਼ਾਰ ਦੇ ਦੁਕਾਨਦਾਰ ਕਬਜ਼ੇ ਛੱਡਣ ਨੂੰ ਤਿਆਰ ਨਹੀਂ

ਜਲੰਧਰ (ਖੁਰਾਣਾ)— ਨਯਾ ਬਾਜ਼ਾਰ 'ਚ ਹੋਈ ਭੰਨ-ਤੋੜ ਨੂੰ ਦੇਖਣ ਦੇ ਬਾਵਜੂਦ ਥੋੜ੍ਹੀ ਦੂਰੀ 'ਤੇ ਸਥਿਤ ਮੀਨਾ ਬਾਜ਼ਾਰ ਦੇ ਕੁਝ ਦੁਕਾਨਦਾਰ ਆਪਣੇ ਕਬਜ਼ੇ ਛੱਡਣ ਨੂੰ ਤਿਆਰ ਨਹੀਂ ਹੋ ਰਹੇ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਬਾਕੀ ਦੁਕਾਨਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਨਿਗਮ ਟੀਮ ਨੇ 3 ਦਿਨ ਪਹਿਲਾਂ ਮੀਨਾ ਬਾਜ਼ਾਰ ਦੇ ਐਂਟਰੀ ਪੁਆਇੰਟਾਂ 'ਤੇ ਹੋਏ ਕਬਜ਼ਿਆਂ ਨੂੰ ਡਿਚ ਮਸ਼ੀਨਾਂ ਰਾਹੀਂ ਤੋੜਿਆ ਸੀ ਅਤੇ ਬਾਕੀ ਦੁਕਾਨਦਾਰਾਂ ਨੂੰ ਖੁਦ ਕਬਜ਼ੇ ਤੋੜਨ ਲਈ 2 ਦਿਨ ਦਾ ਸਮਾਂ ਦਿੱਤਾ ਸੀ। ਬਾਕੀ ਦੁਕਾਨਦਾਰਾਂ ਨੇ ਤਾਂ ਆਪਣੇ ਥੜ੍ਹੇ ਖੁਦ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਜਿੱਥੇ ਨਿਗਮ ਨੇ ਡਿਚ ਮਸ਼ੀਨ ਚਲਾਈ ਸੀ, ਉਥੇ ਦੁਬਾਰਾ ਦੁਕਾਨਾਂ ਸਜ ਗਈਆਂ ਹਨ ਅਤੇ ਟਿੱਕੀਆਂ ਵਾਲਾ ਚੌਕ ਦੀ ਸਾਈਡ 'ਤੇ ਲੱਗਦਾ ਹੀ ਨਹੀਂ ਕਿ ਇਥੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਹੈ। ਉਥੇ ਸੜਕਾਂ 'ਤੇ ਫਿਰ ਕਬਜ਼ੇ ਕਰਕੇ ਫੜ੍ਹੀਆਂ ਲਾ ਦਿੱਤੀਆਂ ਗਈਆਂ ਹਨ।
ਕਿਥੇ ਗਾਇਬ ਹੋ ਗਿਆ ਪੁਰਾਣਾ ਨਾਲਾ
ਸ਼ਹਿਰ ਦੇ ਪੁਰਾਣੇ ਜਾਣਕਾਰਾਂ ਨੂੰ ਪਤਾ ਹੈ ਕਿ ਮੀਨਾ ਬਾਜ਼ਾਰ 'ਚ ਮਾਰਕੀਟ ਦੀ ਇਕ ਸਾਈਡ 'ਤੇ ਵੱਡਾ ਨਾਲਾ ਹੁੰਦਾ ਸੀ। ਦੁਕਾਨਦਾਰਾਂ ਨੇ ਪਹਿਲਾਂ ਇਸ ਨਾਲੇ ਦੇ ਉਪਰ ਥੜ੍ਹੇ ਬਣਾਏ ਅਤੇ ਬਾਅਦ ਵਿਚ ਆਪਣੇ ਸ਼ਟਰ ਅੱਗੇ ਕੱਢ ਕੇ ਦੁਕਾਨਾਂ ਹੀ ਨਾਲੇ ਉਪਰ ਬਣਾ ਲਈਆਂ। ਕੁਝ ਮਹੀਨੇ ਪਹਿਲਾਂ ਨਿਗਮ ਟੀਮ ਨੇ ਇਥੇ ਪੈਮਾਇਸ਼ ਵੀ ਕੀਤੀ ਸੀ ਪਰ ਅਜੇ ਵੀ ਨਾਲੇ ਨੂੰ ਪੂਰੀ ਤਰ੍ਹਾਂ ਖਾਲੀ ਨਹੀਂ ਕਰਵਾ ਸਕੀ। ਹੁਣ ਹਾਈਕੋਟ ਵਲੋਂ ਗਠਿਤ ਟੀਮ ਨੂੰ ਇਹ ਦੇਖਣਾ ਪਵੇਗਾ ਕਿ ਨਿਗਮ ਕਰਮਚਾਰੀਆਂ ਨੇ ਪੈਮਾਇਸ਼ ਕਰਦੇ ਸਮੇਂ ਕੋਈ ਗਲਤੀ ਕੀਤੀ ਹੈ ਜਾਂ ਨਿਗਮ ਟੀਮ ਆਉਣ ਵਾਲੇ ਸਮੇਂ ਵਿਚ ਨਾਲੇ 'ਤੇ ਹੋਏ ਕਬਜ਼ੇ ਨੂੰ ਪੂਰੀ ਤਰ੍ਹਾਂ ਤੋੜਦੀ ਹੈ ਜਾਂ ਨਹੀਂ। 
ਨਯਾ ਬਾਜ਼ਾਰ ਲਈ ਨਹੀਂ ਮਿਲੀ ਫੋਰਸ
ਨਿਗਮ ਦੇ ਬਿਲਡਿੰਗ ਵਿਭਾਗ ਨੇ ਨਯਾ ਬਾਜ਼ਾਰ ਦੇ 10 ਕਬਜ਼ੇ ਤੋੜਨ ਲਈ ਜਲੰਧਰ ਪੁਲਸ ਤੋਂ ਹੋਰ ਫੋਰਸ ਦੀ ਮੰਗ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਵੱਡਾ ਆਪਰੇਸ਼ਨ ਕਰਨ ਦੀ ਪੂਰੀ ਤਿਆਰੀ ਸੀ ਪਰ ਐਨ ਮੌਕੇ 'ਤੇ ਫੋਰਸ ਮੁਹੱਈਆ ਨਾ ਹੋਣ ਕਾਰਨ ਆਪਣੀ ਮੁਹਿੰਮ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ।


Related News