ਮੈਡੀਕਲ ਸਟੋਰਾਂ ਤੋਂ ਖੰਘ-ਜ਼ੁਕਾਮ ਦੀ ਦਵਾਈ ਖਰੀਦਣ ਵਾਲਿਆਂ ਲਈ ਅਹਿਮ ਖਬਰ
Monday, Apr 20, 2020 - 02:32 PM (IST)
ਚੰਡੀਗੜ੍ਹ (ਰਾਜਿੰਦਰ) : ਕੋਰੋਨਾ ਵਾਇਰਸ ਦੇ ਇੰਫੈਕਸ਼ਨ ਨੂੰ ਲੈ ਕੇ ਸਾਵਧਾਨੀ ਦੇ ਤੌਰ 'ਤੇ ਚੰਡੀਗੜ੍ਹ ਦੇ ਡੀ. ਸੀ. ਮਨਦੀਪ ਸਿੰਘ ਬਰਾੜ ਨੇ ਮੈਡੀਕਲ ਸਟੋਰਾਂ ਲਈ ਨਵੀਆਂ ਗਾਈਡ ਲਾਈਨਜ਼ ਜਾਰੀ ਕੀਤੀਆਂ ਹਨ। ਇਸ ਮੁਤਾਬਕ ਜੇਕਰ ਕੋਈ ਵਿਅਕਤੀ ਕਿਸੇ ਮੈਡੀਕਲ ਸਟੋਰ ਤੋਂ ਖਾਂਸੀ, ਜ਼ੁਕਾਮ ਜਾਂ ਫਲੂ ਦੀ ਦਵਾਈ ਲੈਂਦਾ ਹੈ ਤਾਂ ਉਸ 'ਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਉਸ ਦਾ ਰਿਕਾਰਡ ਲਿਆ ਜਾਵੇਗਾ ਤਾਂ ਜੋ ਕੋਰੋਨਾ ਦੇ ਮਰੀਜ਼ਾਂ ਨੂੰ ਪਛਾਨਣ 'ਚ ਸੌਖ ਹੋ ਸਕੇ। ਇਸ ਦੇ ਤਹਿਤ ਹੁਣ ਮੈਡੀਕਲ ਸਟੋਰ ਦੇ ਸੰਚਾਲਕਾਂ ਨੂੰ ਸਰਦੀ, ਖੰਘ, ਜ਼ੁਕਾਮ ਜਾਂ ਫਲੂ ਦੀ ਦਵਾਈ ਖਰੀਦਣ ਵਾਲਿਆਂ ਦਾ ਰਿਕਾਰਡ ਰੱਖਣਾ ਹੋਵੇਗਾ। ਜੇਕਰ ਇਸ ਕੰਮ 'ਚ ਸਟੋਰ ਸੰਚਾਲਕ ਲਾਪਰਵਾਹੀ ਵਰਤਣਗੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕੋਰੋਨਾ ਵਾਇਰਸ 'ਤੇ ਜਿੱਤ ਹਾਸਲ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਬਹੁਤ ਅਲਰਟ ਹੋ ਕੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਹਿਰ : ਪੰਜਾਬ 'ਚ ਡਰਾਉਣ ਵਾਲੀ ਹੈ 'ਮੌਤ ਦਰ'
ਇਸ ਸਬੰਧੀ ਡੀ. ਸੀ. ਮਨਦੀਪ ਸਿੰਘ ਬਰਾੜ ਨੇ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹੁਣ ਉਨ੍ਹਾਂ ਕੋਲ ਜੇ ਕੋਈ ਵੀ ਵਿਅਕਤੀ ਖੰਘ, ਜ਼ੁਕਾਮ, ਫਲੂ ਵਰਗੇ ਲੱਛਣ ਦੀ ਦਵਾਈ ਲੈਣ ਆਵੇ ਤਾਂ ਵਿਅਕਤੀ ਦਾ ਵੇਰਵਾ ਆਪਣੇ ਕੋਲ ਨੋਟ ਕਰ ਲੈਣ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਮੋਬਾਈਲ ਨੰਬਰ ਕੀ ਹੈ ਆਦਿ।
ਜੇਕਰ ਇਸ ਕਾਰਜ 'ਚ ਸੰਚਾਲਕ ਲਾਪਰਵਾਹੀ ਵਰਤਦੇ ਹਨ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਨਿਰਦੇਸ਼ ਮੈਡੀਕਲ ਸਟੋਰਾਂ ਦੇ ਲਈ ਐਤਵਾਰ ਦੀ ਰਾਤ ਤੋਂ ਲਾਗੂ ਹੋ ਕੇ ਅਗਲੇ 60 ਦਿਨਾਂ ਤੱਕ ਪ੍ਰਭਾਵੀ ਰਹਿਣਗੇ। ਇਸ ਨਵੀਂ ਗਾਈਡ ਲਾਈਨ ਨਾਲ ਪ੍ਰਸ਼ਾਸਨ ਨੂੰ ਕੋਵਿਡ-19 ਦੇ ਮਰੀਜ਼ਾਂ ਨੂੰ ਟਰੈਕ ਕਰਨ 'ਚ ਮਦਦ ਮਿਲੇਗੀ। ਇਸ ਨਾਲ ਪੂਰੇ ਸ਼ਹਿਰ 'ਚ ਵਾਇਰਸ ਦੇ ਮੁੱਢਲੇ ਲੱਛਣ ਨੂੰ ਪਛਾਨਣ 'ਚ ਆਸਾਨੀ ਹੋਵੇਗੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੀ ਕਾਰ ਭਿਆਨਕ ਹਾਦਸੇ ਦੀ ਸ਼ਿਕਾਰ (ਵੀਡੀਓ)