ਕੈਪਟਨ ਨੇ ਪੰਜਾਬ ''ਚ ਮੈਡੀਕਲ ਆਕਸੀਜਨ ਨੂੰ ਲੈ ਕੇ ਪੀ. ਐਮ. ਮੋਦੀ ਨੂੰ ਕੀਤੀ ਅਪੀਲ

Wednesday, Sep 23, 2020 - 10:37 PM (IST)

ਚੰਡੀਗੜ੍ਹ: ਕੋਵਿਡ ਦੇ ਵਧ ਰਹੇ ਮਾਮਲਿਆਂ ਕਾਰਨ ਮੈਡੀਕਲ ਆਕਸੀਜਨ ਦੀ ਕਮੀ ਪੈਦਾ ਹੋਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜੇ ਰਾਜਾਂ ਤੋਂ ਢੁਕਵੀਂ ਸਪਲਾਈ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਫੌਰੀ ਚੁੱਕਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਨੇ 200 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਜਿਸ ਬਾਰੇ ਸੂਬਾ ਸਰਕਾਰ ਨੇ ਕੋਵਿਡ ਪ੍ਰਬੰਧਨ ਲਈ ਕੇਂਦਰੀ ਸਹਾਇਤਾ ਦੀ ਅਗਲੀ ਰਾਸ਼ੀ ਵਜੋਂ ਦੇਣ ਦੀ ਅਪੀਲ ਕੀਤੀ ਸੀ। ਮਾਹਿਰਾਂ ਵੱਲੋਂ ਪਰਾਲੀ ਸਾੜਣ ਨਾਲ ਕੋਵਿਡ ਦੀ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਦੇ ਦਿੱਤੇ ਸੁਝਾਅ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀ ਲਾਗਤ ਦੇ ਭੁਗਤਾਨ ਲਈ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਵਿੱਤੀ ਇਮਦਾਦ ਦੇਣ ਦੀ ਮੰਗ ਨੂੰ ਦੁਹਰਾਇਆ। ਉਨਾਂ ਕਿਹਾ ਕਿ ਭਾਵੇਂ ਸੂਬਾ ਸਰਕਾਰ ਪਰਾਲੀ ਸਾੜਣ ਦੀ ਸਮੱਸਿਆ ਬਾਰੇ ਕੋਵਿਡ ਨਾਲ ਜੋੜ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਪੱਧਰ 'ਤੇ ਮੁਹਿੰਮ ਚਲਾ ਰਹੀ ਹੈ ਪਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤ ਸਰਕਾਰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਵਾਸਤੇ ਸੂਬਾ ਸਰਕਾਰ ਵੱਲੋਂ ਝੋਨੇ 'ਤੇ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਲਈ ਕਦਮ ਚੁੱਕੇ।

ਪ੍ਰਧਾਨ ਮੰਤਰੀ ਨਾਲ ਵਰਚੁਅਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਕੰਟਰੋਲਰ ਆਫ ਐਕਸਪਲੋਜ਼ਿਵਜ਼, ਨਾਗਪੁਰ ਨੂੰ ਐਚ.ਐਲ.ਐਲ. ਵੱਲੋਂ ਪ੍ਰਧਾਨ ਮੰਤਰੀ ਸਵੱਸਥ ਸੁਰੱਕਸ਼ਾ ਯੋਜਨਾ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਾਪਤ ਕੀਤੇ ਜਾਣ ਵਾਲੇ ਲਿਕੁਅਡ ਮੈਡੀਕਲ ਆਕਸੀਜਨ ਪਲਾਂਟ ਲਈ ਲਾਇਸੰਸ ਦੀ ਬੇਨਤੀ ਨੂੰ ਪ੍ਰਵਾਨਗੀ ਦਿੱਤੀ ਜਾਵੇ। ਇਸ ਮੀਟਿੰਗ ਵਿੱਚ ਕੇਂਦਰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਤੋਂ ਇਲਾਵਾ ਛੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਸਨ। ਇਨਾਂ 7 ਸੂਬਿਆਂ ਵਿੱਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਸ਼ਾਮਲ ਹਨ, ਜਿਨਾਂ ਦਾ ਮੁਲਕ ਦੇ ਕੁੱਲ ਕੋਵਿਡ ਕੇਸਾਂ ਵਿੱਚ ਇਸ ਵੇਲੇ 62 ਫੀਸਦੀ ਯੋਗਦਾਨ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਦੀਆਂ ਬੇਨਤੀਆਂ 'ਤੇ ਗੌਰ ਕਰਨ ਦਾ ਵਾਅਦਾ ਕਰਦਿਆਂ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਨੂੰ ਕੋਵਿਡ ਸਬੰਧੀ ਜਾਗਰੂਕਤਾ ਉਪਰਾਲਿਆਂ ਵਿੱਚ ਸਿਵਲ ਸੁਸਾਇਟੀਆਂ ਨੂੰ ਵੱਡੀ ਪੱਧਰ 'ਤੇ ਸ਼ਾਮਲ ਕਰਨ ਅਤੇ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਥਾਵਾਂ ਤੋਂ ਹੋਕੇ ਦਿਵਾ ਕੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਉਨਾਂ ਨੇ ਪਾਜ਼ੇਟਿਵਿਟੀ ਦਰ ਨੂੰ 5 ਫੀਸਦੀ ਤੋਂ ਘੱਟ ਕਰਨ ਅਤੇ ਕੋਵਿਡ ਮੌਤ ਦਰ ਨੂੰ ਹੇਠਾਂ ਲਿਆਉਣ ਲਈ ਪੰਜਾਬ ਦੀ ਯੋਗਤਾ ਵਿੱਚ ਭਰੋਸਾ ਜ਼ਾਹਰ ਕੀਤਾ।

ਇਹ ਜ਼ਿਕਰ ਕਰਦਿਆਂ ਕਿ ਕੋਵਿਡ ਦੇ ਕੇਸਾਂ ਵਿੱਚ ਦੇਰੀ ਨਾਲ ਵਾਧਾ ਹੋਣ ਕਰਕੇ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਮੈਡੀਕਲ ਆਕਸੀਜਨ ਸਪਲਾਈ ਦੀ ਕਮੀ ਦਾ ਸਾਹਮਣਾ ਕਰ ਸਕਦੇ ਹਨ, ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਮੈਡੀਕਲ ਆਕਸੀਜਨ ਦਾ ਕੋਈ ਉਤਪਾਦਕ ਨਾ ਹੋਣ ਕਰਕੇ ਸੂਬਾ ਲਿਕੁਅਡ ਆਕਸੀਜਨ ਲਈ ਵੱਡੇ ਪੱਧਰ 'ਤੇ ਤਿੰਨ ਵੱਡੇ ਉਤਪਾਦਕਾਂ 'ਤੇ ਨਿਰਭਰ ਹੈ। ਉਨਾਂ ਦੱਸਿਆ ਕਿ ਇਹ ਪਲਾਂਟ ਬੱਦੀ (ਹਿਮਾਚਲ ਪ੍ਰਦੇਸ਼), ਦੇਹਰਾਦੂਨ (ਉਤਰਾਖੰਡ) ਅਤੇ ਪਾਣੀਪਤ (ਹਰਿਆਣਾ) ਵਿਖੇ ਹਨ ਪਰ ਦੇਹਰਾਦੂਨ ਅਤੇ ਪਾਣੀਪਤ ਦੇ ਪਲਾਂਟ ਸੂਬੇ ਦੀ ਮੰਗ ਮੁਤਾਬਕ ਆਕਸੀਜਨ ਸਪਲਾਈ ਨਹੀਂ ਕਰ ਰਹੇ। ਉਨਾਂ ਦੱਸਿਆ ਕਿ ਜੇਕਰ ਪਾਣੀਪਤ ਰਿਫਾਇਨਰੀ ਦੀ ਸਪਲਾਈ ਘਟਾ ਦਿੱਤੀ ਜਾਵੇ ਤਾਂ ਪਾਣੀਪਤ ਪਲਾਂਟ ਸੂਬੇ ਨੂੰ ਹੋਰ ਸਪਲਾਈ ਕਰ ਸਕਦਾ ਹੈ। ਉਨਾਂ ਦੱਸਿਆ ਕਿ ਉਨਾਂ ਦੀ ਸਰਕਾਰ ਆਪਣੇ ਪੱਧਰ 'ਤੇ ਉਦਯੋਗਾਂ ਨਾਲ ਉਦਯੋਗਿਕ ਆਕਸੀਜਨ ਨੂੰ ਮੈਡੀਕਲ ਆਕਸੀਜਨ ਵਿੱਚ ਤਬਦੀਲ ਕਰ ਦੇਣ ਲਈ ਗੱਲਬਾਤ ਕਰ ਰਹੀ ਹੈ।

ਵਿੱਤੀ ਪੈਕੇਜ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ-19 ਐਮਰਜੈਂਸੀ ਰੈਸਪਾਂਸ ਫੰਡ ਤੋਂ 131.22 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਅਤੇ ਸਾਰੀ ਰਕਮ ਦਾ ਵਰਤੋਂ ਸਰਟੀਫਿਕੇਟ (ਯੂ.ਸੀ.) ਜਮਾਂ ਕਰਵਾਉਣ ਤੋਂ ਬਾਅਦ ਸੂਬੇ ਵੱਲੋਂ ਭਾਰਤ ਸਰਕਾਰ ਨੂੰ 200 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਸੀ ਅਤੇ ਰਕਮ ਦੀ ਉਡੀਕ ਅਜੇ ਜਾਰੀ ਹੈ। ਉਨਾਂ ਅੱਗੇ ਦੱਸਿਆ ਕਿ ਮੌਜੂਦ ਵਸੀਲਿਆਂ ਤੋਂ ਐਸ.ਡੀ.ਆਰ.ਐਫ. ਤਹਿਤ ਕੋਵਿਡ ਰਾਹਤ ਲਈ 35 ਫੀਸਦੀ ਖਰਚੇ ਦੀ ਮਿੱਥੀ ਹੱਦ ਬਾਰੇ ਪੁਨਰਵਿਚਾਰ ਕਰਨ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਪਰ ਕੇਂਦਰ ਸਰਕਾਰ ਵੱਲੋਂ ਅਜੇ ਵੀ ਕੋਵਿਡ ਲਈ ਐਸ.ਡੀ.ਆਰ.ਐਫ. ਉਤੇ ਸਾਲਾਨਾਵਾਰ 35 ਫੀਸਦੀ ਹੱਦ ਨੂੰ ਹੀ ਜਾਰੀ ਰੱਖਿਆ ਜਾ ਰਿਹਾ ਹੈ। ਉਨਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਹੱਦ ਨੂੰ ਸਮੁੱਚੀ ਹੱਦ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਜਾਵੇ ਜਾਂ ਬਿਲਕੁਲ ਹੀ ਹਟਾ ਦਿੱਤਾ ਜਾਵੇ ਕਿਉਂਕਿ ਇਹ ਮਹਾਂਮਾਰੀ ਲੰਮੇ ਸਮੇਂ ਤੱਕ ਚਲਣ ਵਾਲੀ ਹੈ।

ਕੋਵਿਡ ਖਿਲਾਫ ਸੂਬੇ ਦੀ ਜੰਗ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਨੇ ਇਹ ਵੀ ਬੇਨਤੀ ਕੀਤੀ ਕਿ ਭਾਰਤ ਸਰਕਾਰ ਵੱਲੋਂ ਮੁਹੱਈਆ ਕੀਤੇ ਗਏ ਵੈਂਟੀਲੇਟਰਾਂ ਨੂੰ ਬੀ.ਈ.ਐਲ. ਦੁਆਰਾ ਛੇਤੀ ਹੀ ਸਥਾਪਤ ਕਰ ਦਿੱਤਾ ਜਾਵੇ। ਉਨਾਂ ਇਸ ਗੱਲ ਵੱਲ ਵੀ ਪ੍ਰਧਾਨ ਮੰਤਰੀ ਦਾ ਧਿਆਨ ਦਿਵਾਇਆ ਕਿ ਵੈਂਟੀਲੇਟਰਾਂ ਦੀ ਗੁਣਵੱਤਾ ਵਿਚ ਖਰਾਬੀ ਬਾਰੇ ਵੀ ਸਰਕਾਰੀ ਅਤੇ ਨਿੱਜੀ ਸਿਹਤ ਸੰਭਾਲ ਸੰਸਥਾਵਾਂ ਵੱਲੋਂ ਸ਼ਿਕਾਇਤਾਂ ਕੀਤੀ ਜਾ ਰਹੀਆਂ ਹਨ। ਉਨਾਂ ਕੇਂਦਰ ਸਰਕਾਰ ਨੂੰ ਪੀ.ਜੀ.ਆਈ.ਐਮ.ਈ.ਆਰ, ਚੰਡੀਗੜ ਨੂੰ ਆਈ.ਸੀ.ਯੂ. ਬੈਡਜ਼ ਦੀ ਗਿਣਤੀ ਵਧਾਉਣ ਅਤੇ ਸੰਗਰੂਰ ਵਿਚਲੇ ਆਪਣੇ ਸੈਟੇਲਾਈਟ ਸੈਂਟਰ ਦੀ ਵਿਵਸਥਾ ਮਜ਼ਬੂਤ ਕਰਨ ਤੋਂ ਇਲਾਵਾ ਫਿਰੋਜ਼ਪੁਰ ਵਿਚਲੇ ਸੈਂਟਰ ਸਬੰਧੀ ਕੰਮ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ ਜਿਵੇਂ ਕਿ ਪਹਿਲਾਂ ਉਨਾਂ ਵੱਲੋਂ ਮੰਗ ਕੀਤੀ ਗਈ ਸੀ। ਉਨਾਂ ਅੱਗੇ ਦੱਸਿਆ ਕਿ ਏਮਜ਼, ਬਠਿੰਡਾ ਨੂੰ ਆਪਣੀ ਮੌਜੂਦਾ ਬੈਡਜ਼ ਦੀ ਗਿਣਤੀ 20 ਤੋਂ ਵਧਾਉਣ ਲਈ ਕਿਹਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਸੂਬੇ ਦੇ ਕੋਵਾ ਐਪ ਨੂੰ ਆਈ.ਸੀ.ਐਮ.ਆਰ ਦੇ ਪੋਰਟਲ ਨਾਲ ਰਲੇਵਾਂ ਕੀਤੇ ਜਾਣ ਉੱਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਪੰਜਾਬ ਵਿਚ ਸਥਿਤ ਹਰੇਕ ਲੈਬਾਰੇਟਰੀ ਸਬੰਧੀ ਡਾਟਾ ਆਈ.ਸੀ.ਐਮ.ਆਰ ਪੋਰਟਲ ਉੱਤੇ ਉਪਲਬੱਧ ਹੋ ਸਕੇਗਾ ਜਿਵੇਂ ਕਿ ਆਈ.ਸੀ.ਐਮ.ਆਰ ਦੇ ਡਾਇਰੈਕਟਰ ਜਨਰਲ ਨੂੰ ਪਹਿਲਾਂ ਹੀ ਬੇਨਤੀ ਕੀਤੀ ਜਾ ਚੁੱਕੀ ਹੈ।

ਸੂਬੇ ਵਿੱਚ ਕੋਵਿਡ ਤੋਂ ਪੈਦਾ ਹੋਏ ਹਾਲਾਤ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਤੇ 3-4 ਹਫਤਿਆਂ ਦੌਰਾਨ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਔਸਤਨ ਬੀਤੇ ਹਫਤੇ ਦੌਰਾਨ ਤਕਰੀਬਨ 2400-2500 ਮਾਮਲੇ ਸਾਹਮਣੇ ਆਏ ਹਨ ਅਤੇ ਰੋਜ਼ਾਨਾ 55-60 ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਚਿੰਤਾ ਦਾ ਮੁੱਖ ਵਿਸ਼ਾ ਕੋਵਿਡ ਮਾਮਲਿਆਂ ਵਿਚ ਮੌਤ ਦੀ ਅਨੁਪਾਤ ਦਰ ਹੈ ਜੋ ਕਿ ਬੀਤੇ ਇੱਕ ਹਫਤੇ ਦੌਰਾਨ ਕੁਝ ਹੱਦ ਤੱਕ ਹੇਠਾਂ ਆਉਣ ਦੇ ਬਾਵਜੂਦ ਵੀ 2.9 ਫੀਸਦੀ ਉੱਤੇ ਕਾਇਮ ਹੈ। ਉਨਾਂ ਇਸ ਦਰ ਨੂੰ ਨੱਥ ਪਾਉਣ ਲਈ ਖਾਸ ਕਰਕੇ ਸੂਬੇ ਦੇ 9 ਸਭ ਤੋਂ ਪ੍ਰਭਾਵਿਤ ਜ਼ਿਲਿਆਂ ਵਿਚ ਚੁੱਕੇ ਜਾ ਰਹੇ ਕਈ ਕਦਮਾਂ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ। ਉਨਾਂ ਇਹ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਪੰਜਾਬੀਆਂ ਦੀ 'ਚਲਦਾ ਹੈ' ਦੀ ਆਦਤ ਹੈ ਜਿਸ ਕਾਰਨ ਉਹ ਛੋਟੋ ਮੋਟੇ ਲੱਛਣਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਉਨਾਂ ਹੋਰ ਜਾਣਕਾਰੀ ਦਿੱਤੀ ਕਿ ਇਸ ਸਮੱਸਿਆ ਵਿਚ ਹੋਰ ਵੀ ਵਾਧਾ ਇਸ ਕਰਕੇ ਹੋਇਆ ਹੈ ਕਿ ਕੁਝ ਸਿਆਸੀ ਪਾਰਟੀਆਂ ਜਿਵੇਂ ਕਿ ਲੋਕ ਇਨਸਾਫ ਪਾਰਟੀ ਵੱਲੋਂ ਮਾਸਕ ਪਾਉਣ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਖਾਸ ਕਰਕੇ ਭੀੜ ਭੜੱਕੇ ਵਾਲੇ ਇਲਾਕਿਆਂ ਵਿਚ 25 ਫੀਸਦੀ ਲੋਕ ਮਾਸਕ ਨਹੀਂ ਪਾ ਰਹੇ ਅਤੇ ਪੁਲਿਸ ਨੂੰ ਪ੍ਰਤੀ ਦਿਨ 4000-5000 ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਲਾਉਣਾ ਪੈ ਰਿਹਾ ਹੈ।


Deepak Kumar

Content Editor

Related News