ਸਿਹਤ ਵਿਭਾਗ ਦੀ ਅਣਗਹਿਲੀ! ਕੋਰੋਨਾ ਨੈਗੇਟਿਵ ਦੱਸ ਕੇ ਭੇਜਿਆ ਘਰ, ਪਾਜ਼ੇਟਿਵ ਕਹਿ ਕੇ ਮੁੜ ਚੁੱਕਿਆ ਸ਼ਰਧਾਲੂ
Wednesday, May 13, 2020 - 11:14 AM (IST)
ਬਾਬਾ ਬਕਾਲਾ ਸਾਹਿਬ (ਅਠੌਲਾ, ਰਾਕੇਸ਼): ਮੈਡੀਕਲ ਵਿਭਾਗ ਦੀ ਇਕ ਘੋਰ ਅਣਗਹਿਲੀ ਸਾਹਮਣੇ ਆਈ ਹੈ ਪਰ ਜਲਦੀ ਹੀ ਇਸ ਨੂੰ ਸੁਧਾਰ ਲਿਆ ਗਿਆ, ਨਹੀਂ ਤਾਂ ਇਸ ਦਾ ਖਮਿਆਜਾ ਭੁਗਤਣਾ ਬਹੁਤ ਭਾਰੀ ਪੈ ਸਕਦਾ ਸੀ।ਹੋਇਆ ਇੰਝ ਕਿ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਲੋਹਗੜ੍ਹ ਦਾ ਇਕ ਸ਼ਰਧਾਲੂ, ਜਿਸ ਨੂੰ ਕਿ ਵੇਰਕਾ ਹਸਪਤਾਲ ਵਿਚੋਂ ਹੋਰਨਾਂ ਸ਼ਰਧਾਲੂਆਂ ਸਮੇਤ ਟੈਸਟ ਲੈਣ ਪਿੱਛੋਂ ਵੇਰਕਾ ਵਿਖੇ ਡੇਰੇ ’ਚ ਏਕਾਂਤਵਾਸ ਕੀਤਾ ਗਿਆ ਸੀ ਅਤੇ ਉਸ ਦੇ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਦੱਸ ਕੇ ਉਸ ਨੂੰ ਉਸ ਦੇ ਘਰ ਵਾਪਸ ਭੇਜ ਦਿੱਤਾ ਗਿਆ ਸੀ, ਪਰ ਬਾਅਦ ’ਚ ਪਤਾ ਲੱਗਾ ਕਿ ਇਸ ਦੀ ਰਿਪੋਰਟ ਤਾਂ ਪਾਜ਼ੇਟਿਵ ਸੀ, ਬੱਸ ਫਿਰ ਕਿ ਸਿਹਤ ਵਿਭਾਗ ’ਤੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਜਦੋਂ ਸਿਹਤ ਵਿਭਾਗ ਦੀ ਟੀਮ ਉਕਤ ਸ਼ਰਧਾਲੂ ਨੂੰ ਫਿਰ ਹਸਪਤਾਲ ਜਾਣ ਲਈ ਉਸ ਦੇ ਘਰ ਪਹੁੰਚੀ ਤਾਂ ਉਹ ਹਸਪਤਾਲ ਜਾਣ ਨੂੰ ਬਿਲਕੁੱਲ ਵੀ ਤਿਆਰ ਨਹੀਂ ਸੀ।
ਇਹ ਵੀ ਪੜ੍ਹੋ: ਪਟਿਆਲਾ ਜ਼ਿਲੇ ’ਚ ਹੁਣ ਤੱਕ ਜਾਣੋ ਕੋਰੋਨਾ ਕੇਸਾਂ ਦੇ ਤਾਜ਼ਾ ਹਾਲਾਤ, 18 ਮਰੀਜ਼ ਹੋਏ ਠੀਕ
ਖਬਰ ਮਿਲਦੇ ਸਾਰ ਹੀ ਡੀ.ਐੱਸ.ਪੀ. ਹਰਕ੍ਰਿਸ਼ਨ ਸਿੰਘ ਸਮੇਤ ਪੁਲਸ ਪਾਰਟੀ ਅਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਡਾਕਟਰੀ ਟੀਮਾਂ ਵੀ ਪੁੱਜ ਗਈਆਂ, ਜਿਨ੍ਹਾਂ ਨੇ ਸ਼ਰਧਾਲੂ ਨੂੰ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਖੇ ਦਾਖਲ ਕਰਾਇਆ। ਡਾ.ਅਜੈ ਭਾਟੀਆ ਐੱਸ.ਐੱਮ.ਓ. ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਉਕਤ ਮਰੀਜ਼ ਦੇ ਟੈਸਟ ਬਾਬਾ ਬਕਾਲਾ ਸਾਹਿਬ ਹਸਪਤਾਲ ’ਚ ਨਹੀਂ ਹੋਏ, ਸਗੋਂ ਵੇਰਕਾ ਹਸਪਤਾਲ ਵਿਖੇ ਹੋਏ ਸਨ। ਹੁਣ ਸਿਵਲ ਸਰਜਨ ਅੰਮਿ੍ਰਤਸਰ ਡਾ. ਜੁਗਲ ਕਿਸ਼ੋਰ ਦੀਆਂ ਹਿਦਾਇਤਾਂ ਅਨੁਸਾਰ ਅਸੀਂ ਉਕਤ ਮਰੀਜ਼ ਨੂੰ ਫਿਰ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ ਦੇ ਪਤੀ ਅਤੇ ਉਸ ਦੇ ਬੇਟੇ ਦੇ ਕੋਰੋਨਾ ਸਬੰਧੀ ਸੈਪਲ ਵੀ ਅੱਜ ਸਿਵਲ ਸਰਜਨ ਬਾਬਾ ਬਕਾਲਾ ਸਾਹਿਬ ਵਿਖੇ ਲਏ ਗਏ ਹਨ।