ਮੈਡੀਕਲ ਕਾਲਜ ਦੀ ਛੱਤ ’ਤੇ ਚਡ਼੍ਹੀਆਂ ਨਰਸਾਂ

Friday, Jul 20, 2018 - 06:51 AM (IST)

ਪਟਿਆਲਾ,  (ਪਰਮੀਤ)-  ਇਸ  ਤੋਂ  ਪਹਿਲਾਂ ਅੱਜ ਸਵੇਰੇ ਹੀ ਫਿਲਮ ‘ਸ਼ੋਲੇ’ ਦੇ ਸੀਨ ਨੂੰ ਦਰਸਾਉਂਦੇ ਵਾਪਰੇ ਘਟਨਾਕ੍ਰਮ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਠੇਕੇ ’ਤੇ ਕੰਮ ਕਰਦੀਆਂ ਨਰਸਾਂ ਦੀਆਂ 2 ਸਾਥਣਾਂ ਸਰਕਾਰੀ ਮੈਡੀਕਲ ਕਾਲਜ ਦੀ ਛੱਤ ’ਤੇ ਜਾ ਚਡ਼੍ਹੀਆਂ। ਦੁਪਹਿਰ ਕਰੀਬ ਢਾਈ ਵਜੇ ਇਹ ਖਬਰ ਲਿਖਣ ਤੱਕ ਸਾਢੇ 6 ਘੰਟੇ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਉਹ ਹੇਠਾਂ ਨਹੀਂ ਉਤਰੀਆਂ ਸਨ।  ਉਨ੍ਹਾਂ ਦੀਆਂ ਸਾਥਣ ਨਰਸਾਂ ਵੱਲੋਂ ਸਰਕਾਰੀ ਮੈਡੀਕਲ ਕਾਲਜ ਵਿਚ ਆਪਣਾ ਧਰਨਾ ਵੀ ਜਾਰੀ ਰੱਖਿਆ ਗਿਆ। ®ਪੰਜਾਬ ਠੇਕਾ ਆਧਾਰ ਨਰਸਿੰਗ ਐਸੋਸੀਏਸ਼ਨ ਦੇ ਸੰਘਰਸ਼ ਦਾ ਇਹ ਤੀਜਾ ਦਿਨ ਸੀ। ਐਸੋਸੀਏਸ਼ਨ ਮੁਖੀ ਕਰਮਜੀਤ ਕੌਰ ਅੌਲਖ ਤੇ ਉਨ੍ਹਾਂ ਦੀਆਂ ਸਾਥਣ ਨਰਸਾਂ ਨੇ ਦੱਸਿਆ ਕਿ 2016 ਵਿਚ ਜਦੋਂ ਬਾਦਲ ਸਰਕਾਰ ਸੀ, ਉਸ ਵੇਲੇ ਮਹਾਰਾਣੀ ਪ੍ਰਨੀਤ ਕੌਰ ਨੇ ਸਾਡੇ ਹੱਕ ਵਿਚ ਪੱਤਰ ਮੁੱਖ ਮੰਤਰੀ ਨੂੰ ਲਿਖੇ ਸਨ। ਹੁਣ ਇਨ੍ਹਾਂ ਦੀ ਆਪਣੀ ਸਰਕਾਰ ਹੈ। ਇਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ। ਸੇਵਾਵਾਂ ਰੈਗੂਲਰ ਕਰਨ ਦੀ ਮੰਗ ਦਾ ਤਾਂ ਭੋਗ ਹੀ ਪੈ ਗਿਆ  ਹੈ। ਇਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਸਰਕਾਰ ਕੋਲ ਫੰਡ ਹੀ ਨਹੀਂ ਹਨ। ਦੂਜੇ ਪਾਸੇ ਤਨਖਾਹਾਂ ਵਿਚ ਵਾਧੇ ਦੀ ਮੰਗ ਵੀ ਲੰਬੇ ਸਮੇਂ ਤੋਂ ਲਟਕਾਈ ਜਾ ਰਹੀ ਹੈ। ®ਉਨ੍ਹਾਂ ਕਿਹਾ ਕਿ ਤਨਖਾਹਾਂ ਵਿਚ 33 ਫੀਸਦੀ ਵਾਧੇ ਦੀ ਮੰਗ ਜਦੋਂ ਤੱਕ ਪ੍ਰਵਾਨ  ਨਹੀਂ ਹੁੰਦੀ, ਇਹ ਸੰਘਰਸ਼ ਜਾਰੀ ਰਹੇਗਾ। 
 ਇਸ ਧਰਨੇ ਦੌਰਾਨ ਹੀ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਵੱਲੋਂ ਇਕ ਫੈਕਸ ਸੰਦੇਸ਼ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਦਫਤਰ ਵਿਚ ਭੇਜਿਆ ਗਿਆ।
 ਇਸ ਵਿਚ ਕਿਹਾ ਗਿਆ ਕਿ  ਮੌਜੂਦਾ ਉਜਰਤਾਂ ਵਿਚ 33 ਫੀਸਦੀ ਵਾਧੇ ਦੀ ਮੰਗ ਨੂੰ ਲੈ ਕੇ ਕੀਤੀ ਗਈ ਹਡ਼ਤਾਲ ਦਾ ਹਸਪਤਾਲਾਂ ਅਤੇ ਸੰਸਥਾਵਾਂ ਵਿਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ’ਤੇ ਮਾਡ਼ਾ ਅਸਰ ਪੈ ਰਿਹਾ ਹੈ। ਇਸ ਮੰਗ ਬਾਰੇ ਡੀ. ਆਰ. ਐੈੱਮ. ਈ. ਦੀ ਵਧੀਕ ਮੁੱਖ ਸਕੱਤਰ ਪ੍ਰਮੁੱਖ ਮੈਡੀਕਲ ਸਿੱਖਿਆ ਤੇ ਖੋਜ ਨਾਲ ਗੱਲ ਹੋਈ ਹੈ, ਜਿਨ੍ਹਾਂ ਨੇ 33 ਫੀਸਦੀ ਵਾਧਾ 10 ਦਿਨਾਂ ਦੇ ਅੰਦਰ-ਅੰਦਰ ਕਰਨ ਦਾ ਭਰੋਸਾ ਦੇ ਕੇ ਹਡ਼ਤਾਲ ’ਤੇ ਗਈਆਂ ਨਰਸਾਂ ਨੂੰ ਤੁਰੰਤ ਡਿਊਟੀ ’ਤੇ ਹਾਜ਼ਰ ਹੋਣ ਦੀ ਅਪੀਲ ਕੀਤੀ ਹੈ। ਇਹ ਸੰਦੇਸ਼  ਕਾਲਜ ਪ੍ਰਸ਼ਾਸਨ ਵੱਲੋਂ ਨਰਸਾਂ ਨੂੰ ਪਡ਼੍ਹ ਕੇ  ਸੁਣਾਇਆ ਗਿਆ ਪਰ ਉਨ੍ਹਾਂ ਨੇ ਮੁੱਢੋਂ ਹੀ ਇਹ ਪੇਸ਼ਕਸ਼ ਰੱਦ ਕਰ ਦਿੱਤੀ। ®ਹਡ਼ਤਾਲ ’ਤੇ ਬੈਠੀਆਂ ਨਰਸਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਿੱਤ ਵਿਭਾਗ ਇਹ ਲਿਖ ਕੇ ਨਹੀਂ ਦਿੰਦਾ ਕਿ  33 ਫੀਸਦੀ ਵਾਧਾ ਕੀਤਾ ਜਾਵੇਗਾ ਤੇ ਸਾਡੇ ਖਾਤਿਆਂ ਵਿਚ ਪਾਇਆ ਜਾਵੇਗਾ, ਇਹ ਸੰਘਰਸ਼ ਜਾਰੀ ਰਹੇਗਾ।


Related News