ਮੈਡੀਕਲ ਕਾਲਜ ਫੈਕਲਟੀ ਦੇ ਮੈਂਬਰਾਂ ਨੂੰ ਕੋਰੋਨਾ ਕਾਲ ਦੌਰਾਨ ਰੱਦ ਛੁੱਟੀਆਂ ਬਦਲੇ ਮਿਲੇਗਾ ਕਮਾਈ ਛੁੱਟੀ ਦਾ ਲਾਭ : ਸੋਨੀ
Tuesday, Jun 08, 2021 - 08:34 PM (IST)
ਅੰਮ੍ਰਿਤਸਰ (ਵਿਪਨ ਅਰੋੜਾ)-ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਕੋਵਿਡ ਮਹਾਮਾਰੀ ਵਿਰੁੱਧ ਲੜ ਰਹੇ ਮੈਡੀਕਲ ਕਾਲਜ ਫੈਕਲਟੀ ਦੀ ਬੇਮਿਸਾਲ ਵਚਨਬੱਧਤਾ ਅਤੇ ਸਖਤ ਮਿਹਨਤ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀਆਂ ਰੱਦ ਕੀਤੀਆਂ ਛੁੱਟੀਆਂ ਦੇ ਬਦਲੇ ਕਮਾਈ ਛੁੱਟੀ ਦਾ ਪੂਰਾ ਲਾਭ ਦੇਣ ਦਾ ਐਲਾਨ ਕਰ ਦਿੱਤਾ ਹੈ। ਅੱਜ ਅੰਮ੍ਰਿਤਸਰ ਕੇਂਦਰੀ ਦੇ ਇਲਾਕੇ ਵਾਰਡ ਨੰਬਰ 50 ਅਧੀਨ ਪੈਂਦੇ ਰਾਮ ਬਾਗ਼ ਚੌਕ, ਕੋਟ ਆਤਮਾ ਰਾਮ, ਗੁਜਰਾਤੀ ਬਸਤੀ ਵਿਖੇ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਸ਼ੁਰੂਆਤ ਕਰਦਿਆਂ ਸੋਨੀ ਨੇ ਇਸ ਐਲਾਨ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਰਾਜਬੀਰ ਕੌਰ, ਅਸ਼ਵਨੀ ਕੁਮਾਰ ਪੱਪੂ, ਧਰਮਵੀਰ ਸਰੀਨ, ਲਾਲੀ ਪ੍ਰਧਾਨ, ਵਰੁਣ ਕੁਮਾਰ ਵੀ ਹਾਜ਼ਰ ਸਨ। ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ ਫੈਕਲਟੀ ਮਹਾਮਾਰੀ ਦੌਰਾਨ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦਾ ਲਾਭ ਨਹੀਂ ਲੈ ਸਕੇ ਅਤੇ ਉਹ ਇਸ ਸਹੂਲਤ ਤੋਂ ਵਾਂਝੇ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਕੁਰਬਾਨੀਆਂ ਲਈ ਮੁਆਵਜ਼ਾ ਦੇਣ ਦੀ ਜ਼ਰੂਰਤ ਸੀ, ਜੋ ਪੂਰੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਰੱਦ ਕੀਤੀਆਂ ਛੁੱਟੀਆਂ ਦੀ ਮਿਆਦ ਦੇ ਮੁਕਾਬਲੇ ਉਨ੍ਹਾਂ ਦੀ ਸਾਲਾਨਾ ਕਮਾਈ ਛੁੱਟੀ ਦੀ ਮਿਆਦ ਦੇ 30 ਦਿਨਾਂ ਦਾ ਪੂਰਾ ਲਾਭ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਸਿਹਤ ਸੰਭਾਲ ਕਰਮਚਾਰੀਆਂ ਲਈ ਵੀ ਸੂਬਾ ਸਰਕਾਰ ਵੱਲੋਂ ਸ਼ਲਾਘਾ ਦੇ ਤੌਰ ’ਤੇ ਹੋਰ ਉਤਸ਼ਾਹ-ਵਧਾਊ ਕਦਮਾਂ ਦਾ ਪਤਾ ਲਾਉਣ ਲਈ ਕਿਹਾ ਗਿਆ ਹੈ।