ਸਰਕਾਰ ਨੇ ਮੈਡੀਕਲ ਕਾਲਜਾਂ ਦੇ ਕੋਟੇ ''ਚ ਖਿਡਾਰੀਆਂ ਤੇ ਦੰਗਾ ਪੀੜਤਾਂ ਦੇ ਪਰਿਵਾਰਾਂ ਨੂੰ ਵੀ ਦਿੱਤੀ ਰਿਜ਼ਰਵੇਸ਼ਨ

07/19/2019 1:48:15 AM

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ): ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਸੁਣਾਉਂਦਿਆਂ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ ਅੰਡਰ ਗ੍ਰੈਜੂਏਟ ਐੱਮ. ਬੀ. ਬੀ. ਐੱਸ. ਕੋਰਸਾਂ ਵਿਚ ਖਿਡਾਰੀਆਂ ਤੇ ਸਿੱਖ ਦੰਗਾ ਪੀੜਤਾਂ ਦੇ ਪਰਿਵਾਰਾਂ ਤੇ ਪੋਤਿਆਂ ਨੂੰ ਵੀ ਰਿਜ਼ਰਵੇਸ਼ਨ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ। 11 ਜੁਲਾਈ 2019 ਨੂੰ ਜਾਰੀ ਸੋਧੇ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਮੈਡੀਕਲ ਕਾਲਜਾਂ ਵਿਚ ਮਾਈਕ੍ਰੋ ਰਿਜ਼ਰਵੇਸ਼ਨ ਪਹਿਲਾਂ ਤੋਂ ਚੱਲ ਰਹੀ ਹੈ ਤੇ ਹੁਣ ਇਸ ਨੂੰ ਵਧਾ ਕੇ ਪ੍ਰਾਈਵੇਟ ਕਾਲਜਾਂ ਵਿਚ ਵੀ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਇਸ ਸਬੰਧ ਵਿਚ ਸੂਬਾ ਸਰਕਾਰ ਵਲੋਂ ਪੇਸ਼ਕਸ਼ ਰੱਖੀ। ਉਨ੍ਹਾਂ ਇਸ ਵਿਚ ਕਿਹਾ ਕਿ 11 ਜੁਲਾਈ ਨੂੰ ਸੋਧੇ ਨੋਟੀਫਿਕੇਸ਼ਨ ਅਨੁਸਾਰ 6 ਜੂਨ 2019 ਦੇ ਪੁਰਾਣੇ ਨੋਟੀਫਿਕੇਸ਼ਨ ਵਿਚ ਸੋਧ ਕੀਤੀ ਗਈ ਹੈ।

ਨੰਦਾ ਨੇ ਬਾਅਦ ਵਿਚ ਮੀਡੀਆ ਦੇ ਇਕ ਹਿੱਸੇ ਵਿਚ ਚੱਲ ਰਹੀਆਂ ਇਨ੍ਹਾਂ ਅਫਵਾਹਾਂ ਨੂੰ ਖਾਰਿਜ ਕੀਤਾ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਅਦਾਲਤ ਵਿਚ ਐਕਸ਼ਨ ਦੌਰਾਨ ਮਾਰੇ ਜਾਣ ਵਾਲੇ ਫੌਜੀਆਂ ਦੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਦੀ ਰਿਜ਼ਰਵੇਸ਼ਨ ਪ੍ਰਾਈਵੇਟ ਕਾਲਜਾਂ ਵਿਚ ਦੇਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਹਾਈਕੋਰਟ ਵਿਚ ਇਸੇ ਤਰ੍ਹਾਂ ਦੀ ਰਿਜ਼ਰਵੇਸ਼ਨ ਦੇਣ ਦਾ ਮਾਮਲਾ ਨਹੀਂ ਉਠਿਆ ਸੀ ਇਸ ਲਈ ਇਸ ਮਾਮਲੇ ਵਿਚ ਸੂਬਾ ਸਰਕਾਰ ਵਲੋਂ ਕੋਈ ਸਡੈਂਡ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੇਸ ਦੀ ਸੁਣਵਾਈ ਨੂੰ 19 ਜੁਲਾਈ ਤੱਕ ਮੁਲਤਵੀ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਸੂਬੇ ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਤਰ੍ਹਾਂ ਦਾ ਲੋਕ ਭਲਾਈ ਕਦਮ ਚੁੱਕਣ ਲਈ ਤਿਆਰ ਹੈ। ਜਿਨ੍ਹਾਂ ਵਿਚ ਫੌਜ ਦੇ ਕਰਮਚਾਰੀ, ਖਿਡਾਰੀ ਤੇ ਹੋਰ ਵੀ ਆਉਂਦੇ ਹਨ।
 


Related News